ਤੇਰੇ ਚਿਹਰੇ ਦੀ ਧੁੱਪ ਲਗਦੀ ਜ਼ਰਾ ਕੇਸਾਂ ਦੀ ਛਾਂ ਕਰ ਦੇ।
ਅਧੂਰੀ ਬਾਤ ਹੈ ਮੇਰੀ ਜ਼ਰਾ ਇਸਨੂੰ ਅਗ੍ਹਾਂ ਕਰ ਦੇ।
ਲਟਕ ਜਾਵਾਂਗਾ ਮੈਂ ਤੇਰੇ ਖਿਲਾਅ ਦੀ ਦਾਰ ਤੇ ਐਪਰ,
ਸਜ਼ਾ ਖ਼ਾਤਰ ਹੀ ਇਕ ਵਾਰੀ ਤੂੰ ਅਪਣੇ ਮੂੰਹ 'ਚੋਂ ਹਾਂ ਕਰ ਦੇ।
ਸਫ਼ਰ ਦੇ ਮੀਂਹ 'ਚ ਛਤਰੀ ਦਰਦ ਦੀ ਲੈ ਕੇ ਹਾਂ ਮੈਂ ਤੁਰਿਆ,
ਜੇ ਤੈਨੂੰ ਸਾਥ ਚਾਹੀਦੈ ਤਾਂ ਇਹ ਛਤਰੀ ਪਰ੍ਹਾਂ ਕਰ ਦੇ।
ਬੜਾ ਬੇ-ਦਰਦ ਹੈ ਮੌਸਮ ਅਤੇ ਨਿਰਮੋਹੀ ਹਨ ਰੁੱਤਾਂ,
ਖ਼ੁਦਾਇਆ ਦਿਲ ਦੇ ਜ਼ਖ਼ਮਾਂ ਨੂੰ ਬਹਾਰਾਂ ਦੀ ਤਰ੍ਹਾਂ ਕਰ ਦੇ।
ਸਦਾ ਤਲੀਆਂ ਤੇ ਬੈਠੇ ਤਾਂ ਨਹੀਂ ਰਹਿਣਾ ਸਵੇਰੇ ਨੇ,
ਹਿਨਾ ਹੁੰਦੀ ਹੈ ਕੀ! ਵੇਖਾਂ ਤੂੰ ਆਪਣੇ ਹੱਥ ਉਰ੍ਹਾਂ ਕਰਦੇ।
ਗ਼ਮਾਂ ਦਾ ਦੌਰ ਹੈ ‘ਅਜਮੇਰ’ ਲੋਕੀਂ ਬਹੁਤ ਤਨਹਾ ਨੇ,
ਤੂੰ ਹੁਣ ਇਸ ਜ਼ਿੰਦਗੀ ਨੂੰ ਆਪਣੇ ਯਾਰਾਂ ਦੇ ਨਾਂ ਕਰ ਦੇ।