ਤੇਰੇ ਦਰਬਾਰ 'ਚ ਆਇਆ ਹਾਂ ਭਗਵਾਨ
ਕਰਕੇ ਮਦਰਾ 'ਚ ਸ਼ਨਾਨ
ਤੇਰੇ ਦਰਬਾਰ 'ਚ ਰੋਜ਼, ਸੁਬ੍ਹਾ ਸ਼ਾਮ
ਆਕੇ ਸਿਜਦੇ ਕਰਾਂ, ਇਹ ਮੈਨੂੰ ਵਾਦੀ ਨਹੀਂ ;
ਰੋਜ਼ ਭਰ ਭਰ ਕੇ ਪੀਆਂ ਜਾਮ
ਮੈਂ ਕੋਈ ਆਦੀ ਨਹੀਂ ;
ਇਹ ਤੇਰੇ ਉੱਚੇ ਮੱਹਲ,
-ਜੀਹਦੇ ਸੂਲਾਂ ਜਹੇ ਕਲਸ
ਉਠ ਕੇ ਅਸਮਾਨ ਦੀ ਹਿੱਕ ਦੇਂਦੇ ਨੇ ਸੱਲ-
ਝਾਕ ਸਕਦੀ ਨਹੀਂ ਮੇਰੀ ਨਜ਼ਰ ਇਹਨਾਂ ਦੇ ਵੱਲ ;
ਧੂਪ, ਚੰਦਨ ਤੇ ਅਗਰ
ਭਿੱਜੀ ਹੋਈ ਸ਼ਾਮ 'ਚ ਬੈਠ
ਮੈਂ ਤੇਰਾ ਧਿਆਨ ਧਰਾਂ
ਤੇ ਤਸੱਵਰ ਹੀ ਤਸੱਵਰ 'ਚ
ਨੀਝਾਂ ਤੇਰੇ ਅਸਮਾਨ,
ਤੇਰੇ ਜੰਨਤ, ਤੇਰੇ ਬੇ-ਕਾਰ ਜਹਾਨ,
—ਭਾਰ ਚੁੱਕ ਚੁੱਕ ਕੇ ਨਹੀਂ ਕੁੱਬੇ ਜਿਥੋਂ ਦੇ ਵਸਨੀਕ—
ਤੇਰੇ ਇੰਦਰ, ਤੇ ਤੇਰੇ ਦੇਵ ਅਨੇਕ,
—ਉਮਰ ਭਰ ਜਿਨ੍ਹਾਂ ਕਦੇ ਜਰਿਆ ਨਹੀਂ
ਸੀਨੇ 'ਚ ਸੂਲ, ਪਿੰਡੇ ਤੇ ਸੇਕ-
ਤੇਰੀਆਂ ਪਰੀਆਂ, ਸਦਾ ਜਵਾਨ,
ਅੰਗਾਂ ਦੇ ਸੱਚੇ 'ਚ ਢਲਿਆ ਹੋਇਆ ਸੰਗੀਤ;
ਮੈਂ ਏਨੀ ਐਸ਼ ਕਰਾਂ ?
ਇਹ ਮੈਨੂੰ ਜੁੱਰਤ ਨਹੀਂ,
ਇਹ ਮੇਰੀ ਪਾਇਆ ਨਹੀਂ,
ਨਾਲੇ ਕਦ ਵਿਹਲ ਮੈਨੂੰ ਦੇਂਦਾ ਏ ਤੇਰਾ ਜਹਾਨ।
ਤੇਰੇ ਦਰਬਾਰ 'ਚ ਆਇਆ ਹਾਂ ਭਗਵਾਨ
ਕਰਕੇ ਮਦਰਾ 'ਚ ਸ਼ਨਾਨ ।
ਫੇਰ ਵੀ ਐਸ਼ ਤੋਂ ਨਫ਼ਰਤ ਤਾਂ ਨਹੀਂ ਏਂ ਮੈਨੂੰ
ਮੈਂ ਕੋਈ ਖੁਸ਼ਕ ਜਿਹਾ ਮੁਨਕਰ ਤਾਂ ਨਹੀਂ ;
ਵੇਖ ਅੱਜ ਦੌੜ ਹੀ ਆਇਆ ਹਾਂ ਤੁੜਾ ਕੇ ਸੰਗਲ,
ਅੱਜ ਮੈਂ ਦੇ ਆਇਆ ਹਾਂ ਧੋਖਾ ਜ਼ਿੰਦਗਾਨੀ ਨੂੰ,
ਭਾਵੇਂ ਕੁਝ ਚਿਰ ਦੇ ਲਈ ।
ਹੈ ਤਾਂ ਥੋੜਾ ਹੀ ਸਮਾਂ,
ਪਰ ਇਸ 'ਚ ਲਿੱਤੇ ਨੇ ਜਿਵਾਲ
ਅਪਣੇ ਸਭ ਕੋਹੇ ਹੋਏ ਐਸ਼-ਖ਼ਿਆਲ ;
ਅੱਜ ਮੈਂ ਚੱਬੇ ਨੇ ਪਾਨ,
ਅੱਜ ਮੈਂ ਪੀਤੇ ਨੇ ਬੜੇ,
ਤੇਰੀ ਕਸਮ,
ਜਾਮ ਤੇ ਜਾਮ ;
ਅੱਜ ਮੈਂ ਹੱਵਾ ਦੀ ਜਵਾਨੀ ਨੂੰ ਵੀ ਤਕਿਆ ਏ ਹੰਗਾਲ,
ਅੱਜ ਮੈਨੂੰ ਆਇਆ ਏ, ਮੇਰੇ ਪ੍ਰਭੂ,
ਮੇਰੇ ਪਿਤਾ, ਤੇਰਾ ਖਿਆਲ,
ਤੇਰੇ ਦਰਬਾਰ ਚਲਾ ਆਇਆ ਵੀ ਹਾਂ ;
ਅਪਣੇ ਹੀਏ ਤੇ ਮੈਂ ਥੋੜਾ ਜਿਹਾ ਪਸ਼ੇਮਾਨ ਵੀ ਹਾਂ,
ਧੂਪ ਚੰਦਨ ਦੀ ਹਵਾੜ,
ਉਸ 'ਚ ਮੈਂ ਦਿੱਤੀ ਏ ਖਿਲਾਰ
ਮਦਿਰਾ ਦੀ ਹਵਾੜ,
ਹੱਵਾ-ਨਾਪਾਕ ਦੇ ਅੰਗਾਂ ਦੀ ਬੋ,
ਮੈਂ ਚਲਾ ਆਇਆ ਹਾਂ ਦਰਬਾਰ 'ਚ
ਅਸ਼ਨਾਨ ਬਿਨਾਂ ;
ਪਰ ਮੈਨੂੰ ਝਿੜਕ ਨ ਮਾਰ,
ਮੇਰੀ ਮਜਬੂਰੀ ਨੂੰ ਤਕ,
ਨਾਲੇ ਤਕ ਮੇਰਾ ਪਿਆਰ ;
ਵੇਖ ਅਰਮਾਨਾਂ ਦਾ ਢੇਰ,
ਨਾਲੇ ਤਕ ਚੋਰੀ ਦੀ ਰਾਤ
ਜਿਸ ਦੀ ਹੋ ਚੱਲੀ ਏ ਸਵੇਰ ;
ਭੱਜੋ ਨੱਠੀ ਦੀ ਨਮਸਕਾਰ
ਮੇਰੇ ਪ੍ਰਭੂ ਕਰ ਸਵੀਕਾਰ ;
ਵੇਖ ਔਹ ਸਰਘੀ ਦਾ ਨੇਜ਼ਾ ਕਿਸੇ ਤਾਕ 'ਚ ਹੈ
ਵੇਖ ਜ਼ਿੰਦਗਾਨੀ ਦਾ ਸੂਹੀਆ ਮੇਰੀ ਤਾਲਾਸ਼ 'ਚ ਹੈ ;
ਤੈਥੋਂ ਕੀ ਘੁੱਥਾ ਏ, ਪ੍ਰਭੂ, ਜਾਣੀ ਜਾਣ ।
ਤੇਰੇ ਦਰਬਾਰ 'ਚ ਆਇਆ ਹਾਂ ਭਗਵਾਨ
ਕਰਕੇ ਮਦਿਰਾ 'ਚ ਸ਼ਨਾਨ ।