ਤੇਰੇ ਦੀਦਾਰ ਦੇ ਬਾਝੋਂ

ਤੇਰੇ ਦੀਦਾਰ ਦੇ ਬਾਝੋਂ, ਨਾ ਜਲਵਾ 'ਤੂਰ' ਦਾ ਰਹਿੰਦਾ

ਖ਼ੁਦਾ ਜੇ ਹੋਵੰਦਾ ਜ਼ਾਹਿਰ, ਤਾਂ ਕੱਲਾ ਝੂਰਦਾ ਰਹਿੰਦਾ

ਉਹ ਰਾਤੀਂ ਕੁਮਕੁਮੇ ਬਾਲਣ, ਦਿਨੇ ਸੂਰਜ ਰਹੇ ਮਹਿਲੀਂ,

ਹਨ੍ਹੇਰੇ ਦੀ ਪਨਾਹ ਖ਼ਾਤਰ, ਹੈ ਘਰ ਮਜ਼ਦੂਰ ਦਾ ਰਹਿੰਦਾ

ਡਰਾਕਲ ਜਹੀ ਹਿਆਤੀ ਨੇ, ਬੜੇ ਹੌਕੇ ਹੰਢਾਏ ਨੇ,

ਕਦੀ ਦੁਨੀਆਂ ਦਾ ਡਰ ਰਹਿੰਦਾ ! ਕਦੀ ਦਸਤੂਰ ਦਾ ਰਹਿੰਦਾ

ਇਸ਼ਕਾ ! ਸਾਦਗੀ ਤੇਰੀ, ਤੂੰ ਲਾਵੀਂ ਨਾਲ ਸੀਨੇ ਦੇ,

ਭਲਾਂ ਕੀ 'ਰੂਪ' ਦਾ ਜੀਵਨ ? ਨਿਕਾਰਾ ਘੂਰਦਾ ਰਹਿੰਦਾ

ਅਸਾਡੇ ਵਾਂਗਰਾਂ ਮੁੱਲਾਂ, ਤਲੀ 'ਤੇ ਦਿਲ ਲਈ ਫਿਰਦਾ,

ਕਦੀ ਜੇ ਜ਼ਹਿਨ ਵਿੱਚ ਉਹਦੇ, ਨਾ ਲਾਲਚ ਹੂਰ ਦਾ ਰਹਿੰਦਾ

ਜਦੋਂ ਤਾਰੀਖ਼ ਦੇ ਵਰਕੇ ਪੜ੍ਹੋਂ, ਤਾਂ ਸੋਚ ਕੇ ਪੜ੍ਹੀਓ,

ਖ਼ਤਾ 'ਸੁਲਤਾਨ' ਕਰਦੇ ਨੇ, ਤੇ ਨਾਂ 'ਜ਼ਮਹੂਰ' ਦਾ ਰਹਿੰਦਾ

📝 ਸੋਧ ਲਈ ਭੇਜੋ