ਤੇਰੇ ਹੀ ਹੁਸਨ ਦਾ ਸਦਕਾ ਹਸੀਨ ਮੇਰੀ ਨਿਗਾਹ,
ਤੇਰੇ ਹੀ ਸੱਚੇ 'ਚ ਢਲਿਆ ਹੈ ਲਗਦਾ ਸਾਰਾ ਜਹਾਨ ;
ਤੇਰੀ ਹੀ ਸਰਘੀ 'ਚ ਰੰਗਿਆ ਗਿਆ ਹੈ ਮੇਰਾ ਅਕਾਸ਼,
ਮੈਂ ਜਿਹੜੀ ਝੀਲ 'ਚ ਝਾਕਾਂ ਉਹੋ ਹੀ ਸਰਘੀ ਸਮਾਨ ;
ਹਰੇਕ ਨੈਣ 'ਚ ਤਕਦਾ ਹਾਂ, ਜਾਨ, ਤੇਰਾ ਹੀ ਗ਼ਮ,
ਤੂੰ ਛਾ ਗਈ ਏਂ ਜ਼ਮਾਨੇ ਤੇ ਬਣ ਕੇ ਜੋਤਿ ਪਰਮ ।
ਪਰ ਇਹ ਕੀ ਜਾਦੂ, ਮੈਂ ਅੰਗਾਂ ਨੂੰ ਅੰਗੀਕਾਰ ਨਹੀਂ,
ਤੇਰੇ ਅਕਾਰ ਦੇ ਪਿੱਛੇ ਤੇਰਾ ਪਿਆਰ ਨਹੀਂ ;
ਉਹੋ ਹੀ ਨੈਣ ਨੇ ਖ਼ੁਮਦਾਰ ਸ਼ਰਮਸਾਰ ਨੇ ਕਿਉਂ ? ਤੇ
ਰੇ ਹੀ ਬਾਜ਼ੂ ਨੇ ਬੇਸ਼ਕ ਇਹ ਬਿਨ ਉਲਾਰ ਨੇ ਕਿਉਂ ?
ਮੇਰੀ ਤਾਂ ਓਦਾਂ ਹੀ ਤੁਧ ਬਿਨ ਹੈ ਜਾਨ ਤਰ੍ਹਿਆਈ,
ਤੇਰੀ ਨਜ਼ਰ 'ਚ ਕਿਉਂ ਪਹਿਲੀ ਨ ਮਿਹਰ ਭਰ ਆਈ ?
ਉਮਰ ਦੇ ਗ਼ਮ ਨੂੰ ਤੇਰੇ ਪਾਸ ਕੀ ਦੋ ਬੋਲ ਨਹੀਂ ?
ਹੇ ਰੂਪ-ਦੇਵੀ ਮੁਹੱਬਤ ਕਿਉਂ ਤੇਰੇ ਕੋਲ ਨਹੀਂ ?
ਮੈਂ ਚਸ਼ਮੇ ਸਾਹਵੇਂ ਤਿਹਾਇਆ ਮਰਾਂ, ਦੁਹਾਈ ਹੈ !
ਬਣਾਉਣ ਵਾਲੇ ਨੇ ਕਿਸਮਤ ਵੀ ਕੀ ਬਣਾਈ ਹੈ !
ਜਬਰ ਨਸੀਬ ਦਾ ਟੁੱਟੇ ਗ਼ਮਾਂ ਨੂੰ ਸਾਹ ਮਿਲੇ,
ਤੇਰੇ ਮਿਲਨ ਤੋਂ ਵੀ ਪਹਿਲਾਂ ਮਿਲਨ ਦਾ ਰਾਹ ਮਿਲੇ ।
ਤੇਰੀ ਲਗਨ 'ਚ ਹੀ ਤੈਨੂੰ ਵਿਸਾਰ ਦੇਵਾਂਗਾ ਮੈਂ,
ਤੂੰ ਹੁਸਨ ਦਿਤਾ ਏ ਜਗ ਨੂੰ ਪਿਆਰ ਦੇਵਾਂਗਾ ਮੈਂ।