ਤੇਰੇ ਕੋਲੋਂ ਸੱਜਣਾ ਕਾਹਦੇ ਉਹਲੇ ਨੇ

ਤੇਰੇ ਕੋਲੋਂ ਸੱਜਣਾ ਕਾਹਦੇ ਉਹਲੇ ਨੇ ।

ਮੇਰੇ ਕੋਲ ਤੇ ਅੱਜ ਵੀ ਦਰਦ ਭੜੋਲੇ ਨੇ ।

ਨੇਰੇ੍ਹ ਘਰ ਵਿਚ ਕਿਹੜਾ ਦੀਵਾ ਬਾਲ ਗਿਆ,

ਕੀਹਨੇ ਆ ਕੇ ਚਾਨਣ ਬੂਹੇ ਖੋਲ੍ਹੇ ਨੇ ।

ਮੇਰਿਆਂ ਖ਼ਾਬਾਂ ਦੇ ਵਿਚ ਬੇਲਾ ਵਸਦਾ ਏ,

ਕੰਨਾਂ ਦੇ ਵਿਚ ਵੱਜਦੇ ਅੱਜ ਵੀ ਢੋਲੇ ਨੇ ।

ਵੇਲੇ ਭਾਵੇਂ ਕਿੰਨੀ ਔਕੜ ਦਿੱਤੀ ਏ,

ਮੇਰੇ ਪੈਰ ਨਾ ਧਰਤੀ ਉੱਤੇ ਡੋਲੇ ਨੇ ।

ਅੱਜ ਵੀ ਗੋਰੀ ਤੋੜੇ ਕੱਚ ਦੀ ਚੂੜੀ ਨੂੰ,

ਬਾਰੀ ਦੇ ਵਿਚ ਰੱਖੇ ਰੀਝ-ਪਟੋਲੇ ਨੇ ।

ਅਚਣਚੇਤੇ ਉਹਦੀਆਂ ਯਾਦਾਂ ਆ ਗਈਆਂ,

ਹਸ ਕੇ ਮਿਲਣੀ ਕਰ ਲਈ 'ਅਕਰਮ' ਭੋਲੇ ਨੇ ।

📝 ਸੋਧ ਲਈ ਭੇਜੋ