ਤੇਰੇ ਮੇਰੇ ਖ਼ਿਆਲ ਦਾ ਝਗੜਾ

ਤੇਰੇ ਮੇਰੇ ਖ਼ਿਆਲ ਦਾ ਝਗੜਾ । 

ਬਣਿਆ ਚਿੱਟੇ ਤੇ ਲਾਲ ਦਾ ਝਗੜਾ ।

ਵਾਰ ਕਰਦੇ ਹੋ ਮੁਸਕਰਾ ਤੇ ਤੁਸੀਂ 

ਕਰ ਰਹੇ ਹੋ ਕਮਾਲ ਦਾ ਝਗੜਾ।

ਕਿੰਝ ਦੁਨੀਆਂ ‘ਚ ਫੈਲਿਆ ਹੈ ਸ਼ੇਖ਼ 

ਤੇਰੇ ਮੇਰੇ ਖ਼ਿਆਲ ਦਾ ਝਗੜਾ ।

ਤੇਰਾ ਸਾਨੀ ਨਜ਼ਰ ਨਹੀਂ ਆਉਂਦਾ 

ਪੈ ਗਇਆ ਹੈ ਮਿਸਾਲ ਦਾ ਝਗੜਾ।

ਅਰਸ਼ ਤੇ ਤੂੰ ਤੇ ਫ਼ਰਸ਼ ਤੇ ਮੈਂ ਹਾਂ 

ਕਿੰਨਾ ਵਧਿਆ ਖ਼ਿਆਲ ਦਾ ਝਗੜਾ ।

ਜਾਣ ਲੀਤੀ ਹੈ ਤੇਰੇ ਦਿਲ ਦੀ ਮੈਂ 

ਤੇਰਾ ਝਗੜਾ ਹੈ ਮਾਲ ਦਾ ਝਗੜਾ।

ਖ਼ਤਮ ਕੀਤਾ ਤੂੰ ਇਕ ਜਵਾਬ ਅੰਦਰ 

ਮੇਰੇ ਸੌ ਸੌ ਸਵਾਲ ਦਾ ਝਗੜਾ ।

ਦੋਸਤੋ ਪਿਆਰ ਇਹ ਨਹੀਂ ਹੈ ਅਜੇ 

ਇਹ ਹੈ ਛੱਲੇ ਰੁਮਾਲ ਦਾ ਝਗੜਾ ।

ਮਾਰਦਾ ਮੌਤ ਨੂੰ ਛੜਾਂ ਬੰਦਾ 

ਜੇ ਨ ਹੁੰਦਾ ਅਕਾਲ ਦਾ ਝਗੜਾ।

ਸ਼ੇਖ਼ ਪੰਡਤ ਤੇ ਭਾਈ ਹੋਰਾਂ ਵਿਚ 

ਕਿਉਂ ਹੈ ਰੋਟੀ ਤੇ ਦਾਲ ਦਾ ਝਗੜਾ ?

ਅੱਲਾ ਵਾਲੇ ਜ਼ਰੂਰ ਫਸ ਪੈਂਦੇ

ਜੇ ਨ ‘ਹਮਦਰਦ' ਟਾਲਦਾ ਝਗੜਾ ।

📝 ਸੋਧ ਲਈ ਭੇਜੋ