ਤੇਰੇ ਨਾਲ ਬਹਾਰਾਂ ਤੁਰੀਆਂ

ਤੇਰੇ ਨਾਲ ਬਹਾਰਾਂ ਤੁਰੀਆਂ ਮੇਰੇ ਨਾਲ ਖ਼ਿਜ਼ਾਵਾਂ । 

ਤੇਰੇ ਹੀ ਪਰਛਾਵੇਂ ਵਰਗਾ ਮੇਰਾ ਵੀ ਪਰਛਾਵਾਂ ।

ਪਲ-ਛਿਣ ਅੰਦਰ ਤਪਦੇ ਥਲ ਦੀ ਠਾਰ ਦਿਆਂਗਾ ਅਗਨੀ, 

ਜੇਕਰ ਘੋਰ-ਘਟਾਵਾਂ ਦਾ ਮੈਂ ਇਕ ਹਿੱਸਾ ਬਣ ਜਾਵਾਂ ।

ਰਾਹ ਦੇ ਪੱਥਰ ਵਾਂਗਰ ਮੈਨੂੰ ਠੋਕਰ ਲਾ ਕੇ ਤੁਰਦੇ, 

ਲਹਿੰਦੀ ਧੁੱਪੇ ਕੁਚਲੀ ਜਾਂਦੇ ਲੋਕ ਮੇਰਾ ਪਰਛਾਵਾਂ।

ਮੈਂ ਕੀ ਜਾਣਾ ਕੀ ਹੈ ਜੋਬਨ ਸ਼ੋਖ਼-ਬਹਾਰਾਂ ਕੀ ਹਨ, 

ਮੈਂ ਉਹ ਰੁੱਖ ਹਾਂ ਜਿਸ ਦੇ ਉੱਤੇ ਛਾਈਆਂ ਰਹਿਣ ਖ਼ਿਜ਼ਾਵਾਂ ।

ਜੀਵਨ-ਪੱਤਰ ਸਹਿਜੇ-ਸਹਿਜੇ, ਮੰਜ਼ਿਲ 'ਤੇ ਪੁੱਜ ਜਾਵੇ, 

ਹੋਵੇ ਜਾਂ ਨਾ ਹੋਵੇ ਇਸ 'ਤੇ ਮੰਜ਼ਿਲ ਦਾ ਸਿਰਨਾਵਾਂ ।

ਤਪਦੇ ਥਲ ਵਿਚ ਤਿੱਖੀ ਧੁੱਪ ਤੇ ਲੂਅ ਨੇ ਸਾੜੀ ਰੱਖਿਆ,

ਤਪਦੇ ਥਲ ਤੋਂ ਪਾਰ ਗਏ ਤਾਂ ਛਾਈਆਂ ਘੋਰ-ਘਟਾਵਾਂ ।

ਚੰਡੀਗੜ੍ਹ ਵਿਚ ਦੱਸ ਮੈਂ ਤੇਰਾ ਕਿੱਦਾਂ ਕਰਾਂ ਸਵਾਗਤ ?

ਪੁਰਹੀਰਾਂ ਵਿਚ ਜੇਕਰ ਮਿਲਦਾ ਕਰਦਾ ਹੱਥੀਂ ਛਾਵਾਂ ।

📝 ਸੋਧ ਲਈ ਭੇਜੋ