ਤੇਰੇ ਨਾਲ ਗੁਜ਼ਾਰੇ ਦਿਨ ।
ਸਜਣਾ ਕੌਣ ਵਿਸਾਰੇ ਦਿਨ।
ਖ਼ਾਬ ਜਗਾਏ ਰਾਤਾਂ ਨੇ
ਜਿਤੀਆਂ ਰਾਤਾਂ, ਹਾਰੇ ਦਿਨ।
ਅਪਣੇ ਸਾਥ ਦਾ ਇਕ ਦਿਨ ਦੇਹ
ਲੈ ਲੈ ਮੇਰੇ ਸਾਰੇ ਦਿਨ।
ਤੇਰੇ ਨਾਲ ਗਏ ਸਜਨਾ
ਮੇਰੇ ਪਿਆਰੇ ਪਿਆਰੇ ਦਿਨ ।
ਖ਼ਾਬਾਂ ਭਰੀਆਂ ਰਾਤਾਂ ਨੇ
ਮੇਰੇ ਫੇਰ ਨਿਖਾਰੇ ਦਿਨ ।
ਤੇਰੇ ਬਾਝੋਂ ਲਗਦੇ ਨੇ
ਕਾਲੀਆਂ ਰਾਤਾਂ ਭਾਰੇ ਦਿਨ।
ਕੀ ਸੀ, ਜੇ ਰਬ ਦੇ ਦੇਂਦਾ
ਤੈਨੂੰ ਚਾਰ ਉਧਾਰੇ ਦਿਨ !
ਖ਼ਾਬਾਂ ਮੱਤੀਆਂ ਰਾਤਾਂ ਦੇ
ਜਾਂਦੇ ਨੇ ਬਲਿਹਾਰੇ ਦਿਨ ।
ਸਾਲਾਂ ਬੱਧੀ ਰੜਕਣਗੇ
ਰਬ ਨੇ ਇੰਝ ਖਿਲਾਰੇ ਦਿਨ।
ਕੀ ਮੈਨੂੰ ਹੀ ਮਿਲਣੇ ਸਨ
ਸਾਰੇ ਹੀ ਦੁਖਿਆਰੇ ਦਿਨ ?
ਕਿੰਦਾਂ ਡੰਗ ਚਲਾਉਂਦੇ ਨੇ
‘ਹਮਦਰਦਾ’ ਵਿਸਿਆਰੇ ਦਿਨ ।