ਤੇਰੇ ਰਾਹ ਕਮਲੀ ਹੋ ਦੇਖਾਂ ਵੇ,
ਜਦ ਫੁੱਟ ਫੁੱਟ ਪੈਣ ਧਰੇਕਾਂ ਵੇ।
ਮੈਂ ਖੜੀ ਬਨੇਰੇ ਇਉਂ ਉੱਡਦੀ,
ਜਿਉਂ ਲੰਮੀਆਂ ਲੰਮੀਆਂ ਹੇਕਾਂ ਵੇ।
ਅੱਜ ਲੰਘਿਆ ਸਮੇਂ ਦੇ ਪਰਬਤ ਤੋਂ,
ਕੋਈ ਛੋਹ ਸੋਨੇ ਦੀਆਂ ਮੇਖਾਂ ਵੇ।
ਮੈਂ ਈਦ ਦੇ ਵਿਹੜੇ ਚੰਨ ਹੋਈ,
ਤੱਕ ਤੱਕ ਕੇ ਚੰਨ ਅਨੇਕਾਂ ਵੇ।
ਮੱਲ ਟਾਹਲੀਆਂ ਖੁਲ੍ਹੇ ਖੇਤ ਲਏ,
ਕਿੰਞ ਲੰਮੀਆਂ ਨਦੀਆਂ ਦੇਖਾਂ ਵੇ ?
ਮਿਰਾ ਦੀਵਾ ਰੋਹੀਆਂ ਵਿਚ ਤੱਕਿਆ,
ਕੁੱਲ ਪੀਰ ਪੈਗ਼ੰਬਰ ਸੇਖ਼ਾਂ ਵੇ।
ਮੈਂ ਉਮਰਾਂ ਤੋਂ ਹਾਂ ਦੇਖ ਰਹੀ,
ਇਹ ਰੋਹੀਆਂ ਖੁੱਲ੍ਹੀਆਂ ਹੇਕਾਂ ਵੇ।
ਲੰਘ ਪੱਕੀਆਂ ਕਣਕਾਂ, ਤਰ ਨਦੀਆਂ,
ਮੈਂ ਅੱਖੀਆਂ ਨੂੰ ਜਾ ਟੇਕਾਂ ਵੇ।
ਨਾਂਹ ਰੁੱਤ ਅਨਾਰਾਂ ਦੀ ਤੱਕੀ,
ਲਾ ਮਹਿੰਦੀ ਤੁਰ ਗਏ ਲੇਖਾਂ ਵੇ।
ਵਣ-ਬੇਲਾ ਫੁੱਲਿਆ, ਭੇਦ ਕਿਹਾ,
ਖੁਲ੍ਹ ਖੁਲ੍ਹ ਕੇ ਲੰਮਿਆਂ ਕੇਸਾਂ ਵੇ।
ਬਸ ਮਹਿਕ ਦਰਦ ਦੀ ਸਾਡੀ ਹੈ,
ਲੱਖ ਫਲਣ ਸ਼ਤੂਤਾਂ ਡੇਕਾਂ ਵੇ।
ਮੈਂ ਕੇਸੂ ਸਿਖਰ ਦੁਪਹਿਰਾਂ ਦਾ,
ਧੁੱਪ ਵਣਾਂ ਕਰੀਰਾਂ ਸੇਕਾਂ ਵੇ।
ਤੇਰੇ ਸੰਤਰਿਆਂ ਦੇ ਬਾਗ਼ਾਂ ਵਿਚ,
ਨਾਂਹ ਕੂਣ ਹੱਥਾਂ ਦੀਆਂ ਰੇਖਾਂ ਵੇ।
ਤੇਰੇ ਰਾਹ ਕਮਲੀ ਹੋ ਦੇਖਾਂ ਵੇ,
ਜਦ ਫੁੱਟ ਫੁੱਟ ਪੈਣ ਧਰੇਕਾਂ ਵੇ।