ਤੇਰੇ ਰੰਗ ਜੇ ਰੰਗੀ ਹੁੰਦੀ
ਦੁਨੀਆ ਕਿੰਨੀ ਚੰਗੀ ਹੁੰਦੀ
ਯਾਰੀ ਤੋੜ ਵੀ ਚੜ੍ਹ ਸਕਦੀ ਸੀ
ਜੇ ਨਾ ਗ਼ਰਜ਼ਾਂ ਡੰਗੀ ਹੁੰਦੀ
ਦਿਲ ਦਾ ਵਿਹੜਾ ਖੁੱਲ੍ਹਾ ਰੱਖਦੇ
ਐਨੀ ਤੇ ਨਾ ਤੰਗੀ ਹੁੰਦੀ
ਤੇਰਾ ਸਾਥ ਵੀ ਮੰਗ ਲੈਂਦਾ ਮੈਂ
ਜੇ ਕਰ ਜਿੰਦੜੀ ਮੰਗੀ ਹੁੰਦੀ
ਤੂੰ ਨਾ ਹੁੰਦਾ ਤੇ ਇਹ ਧਰਤੀ
ਅੰਬਰਾਂ ਉਤੇ ਟੰਗੀ ਹੁੰਦੀ
ਬਹੁਤਾ ਚਿਰ ਨਈਂ ਵਸਦੇ ਆਜ਼ਮ
ਸੋਚ ਜਿੰਨ੍ਹਾਂ ਦੀ ਜੰਗੀ ਹੁੰਦੀ