ਤੇਰੇ ਸੁਪਨੇ ਦਾ ਘੇਰਾ

ਤੇਰੇ ਸੁਪਨੇ ਦਾ ਘੇਰਾ ਤਾਂ ਅੰਬਰ ਤੀਕਰ ਹੋਵੇਗਾ ।

ਪਰ ਤੂੰ ਵੇਖੀਂ ਅੰਬਰ ਤੋਂ ਵੀ ਅੱਗੇ ਅੰਬਰ ਹੋਵੇਗਾ ।

ਲੰਬੇ ਰਾਹੀਂ ਜਦ ਤੂੰ ਖੁਦ ਨੂੰ ਭਾਲਣ ਤੁਰਿਆ, ਦੇਖ ਲਵੀਂ 

ਪੈਰਾਂ  ਹੇਠਾਂ  ਰੇਤ  , ਖਿਆਲਾਂ ਵਿੱਚ  ਸਮੁੰਦਰ  ਹੋਵੇਗਾ ।

ਸਾਰੀ ਉਮਰਾ ਮੈਨੂੰ ਭਟਕਾਇਆ ਏ ਇਸ ਖੁਸ਼ਫ਼ਹਿਮੀ ਨੇ 

ਖਬਰੇ ਅਗਲਾ ਮੰਜ਼ਰ ਇਸ ਤੋਂ ਸੋਹਣਾ ਮੰਜ਼ਰ ਹੋਵੇਗਾ ।

ਵੇਖੀਂ ਫਿਰ ਤੂੰ ਬੱਦਲ ਬਣ ਕੇ ਸਾਰਾ ਅੰਬਰ ਮਾਣੇਂਗਾ 

ਤੇਰੀ ਹਸਤੀ ਦਾ ਸਾਗਰ ਜਦ ਬੂੰਦ ਬਰਾਬਰ ਹੋਵੇਗਾ ।

ਸ਼ੀਸ਼ੇ ਅੰਦਰ ਅਪਣਾ ਚਿਹਰਾ ਹੈਰਤ ਨਾਲ ਨਿਹਾਰੇਗਾ 

ਆਸ ਨਹੀਂ ਸੀ ਬੰਦਾ ਖੁਦ ਤੋਂ ਏਨਾ ਮੁਨਕਰ ਹੋਵੇਗਾ ।

ਜਿਹੜੇ ਘਰ ਦਾ ਹਰ ਬੂਹਾ, ਹਰ ਬਾਰੀ ਖੁੱਲ੍ਹੀ ਹੋਵੇਗੀ 

ਯਾਦ ਰਹੇ ਕਿ ਬੇਸ਼ੱਕ ਓਹੀ, ਕੇਸ਼ੀ ਦਾ ਘਰ ਹੋਵੇਗਾ ।

📝 ਸੋਧ ਲਈ ਭੇਜੋ