ਤੇਰੇ ਤੇ ਮੇਰੇ ਵਿੱਚ ਇਹੋ ਅੰਤਰ ਹੈ।
ਤੇਰੇ ਵਾਂਗੂੰ ਨਹੀਂ ਗ਼ੱਦਾਰੀ ਫ਼ਿਤਰਤ ਹੈ।
ਝੂਠ, ਮੱਕਾਰੀ ਤੇ ਬੇਸ਼ਰਮੀ ਔਗੁਣ ਨਹੀਂ,
ਗੁੱਡੀ ਚੜ੍ਹਨ ਦਾ ਅੱਜ-ਕੱਲ੍ਹ ਇਹੋ ਮੰਤਰ ਹੈ।
ਰੱਬ ਦੇ ਨਾਂ 'ਤੇ ਰੱਬ ਨੂੰ ਲੁੱਟੀ ਜਾਂਦੇ ਨੇ,
ਰੱਬ ਦੇ ਬੰਦਿਆਂ ਦੀ ਇਹ ਕੈਸੀ ਬਣਤਰ ਹੈ।
ਘੱਟ ਗਿਣਤੀ ਤੇ ਔਰਤ ਪਿਸਦੀ ਜਿਸ ਚੱਕੀ,
ਸਭ ਤੋਂ ਵੱਡਾ ਲੋਕਾਂ ਦਾ ਇਹ ਤੰਤਰ ਹੈ।
ਸੱਚ ਬੋਲ ਕੇ ਵੇਖੀਂ ਸੂਲੀ ਟੰਗਣਗੇ,
ਉਂਜ ਆਖਣ ਨੂੰ ਦੇਸ ਮੇਰਾ ਸਵਤੰਤਰ ਹੈ।
ਬੰਦਾ ਬਣ ਜਾਏ ਬੰਦਾ 'ਓਠੀ' ਨਾਲ ਜਿਹਦੇ,
ਦੱਸੋ ਜੇ ਕੋਈ ਮਿਲਦਾ ਐਸਾ ਜੰਤਰ ਹੈ।