ਮਿਰੇ ਹਾਲਾਤ ਨੂੰ ਤੇਰੇ ਤੋਂ ਬਿਹਤਰ ਕੌਣ ਸਮਝੇਗਾ।
ਜੇ ਕੋਈ ਸਮਝਿਆ ਵੀ ਤੇਰੇ ਵਾਂਗਰ ਕੌਣ ਸਮਝੇਗਾ।
ਗੁਆਚੀ ਨੀਂਦ ਕਿਉਂ ਮੇਰੀ ਮੈਂ ਕਿਉਂ ਹਾਂ ਜਾਗਦਾ ਰਹਿੰਦਾ,
ਮੈਂ ਜਿਸ ਵਿਚ ਮੁਬਤਿਲਾ ਹਾਂ ਮੇਰਾ ਇਹ ਡਰ ਕੌਣ ਸਮਝੇਗਾ।
ਕਿਤੇ ਜੁਗਨੂੰ, ਕਿਤੇ ਦੀਵਾ, ਕਿਤੇ ਹੈ ਦੂਰ ਤਕ ਨ੍ਹੇਰਾ,
ਹੈ ਕਿੱਧਰ ਰੌਸ਼ਨੀ, ਨ੍ਹੇਰਾ ਹੈ ਕਿੱਧਰ ਕੌਣ ਸਮਝੇਗਾ।
ਮੈਂ ਸ਼ੀਸ਼ਾ ਸੀ ਕਦੀ ਇਹ ਬਾਤ ਆਖ਼ਿਰ ਕਿਸ ਨੂੰ ਸਮਝਾਵਾਂ,
ਕਿਨ੍ਹਾਂ ਹਾਲਾਤ ਵਿਚ ਹੋਇਆ ਹਾਂ ਪੱਥਰ ਕੌਣ ਸਮਝੇਗਾ।
ਬਹੁਤ ਜ਼ਰਖ਼ੇਜ਼ ਸੀ ਮਿੱਟੀ ਬਹੁਤ ਕੁਝ ਸਿਰਜਿਆ ਉਸ ਨੇ,
ਮਗਰ ਹੁਣ ਹੋ ਗਈ ਕਾਹਤੋਂ ਉਹ ਕੱਲਰ ਕੌਣ ਸਮਝੇਗਾ।