ਤੇਰੀ ਦੀਦ ਹੀ ਈਦ ਹੈ ਸਾਡੀ ਨੀ ਤੂੰਹੀਓਂ ਸਾਡਾ ਰੱਬ ਚੰਨੀਏਂ
ਤੈਨੂੰ ਵੇਖਿਆਂ ਹੀ ਹੱਜ ਹੋ ਜਾਵੇ ਨੀ ਤੈਨੂੰ ਅਸੀਂ ਮੱਕਾ ਮੰਨੀਏਂ।
ਨਾ ਮੈਂ ਹਾਜੀ ਤੇ ਨਾ ਮੈਂ ਨਮਾਜ਼ੀ ਤੇ ਨਾ ਹੀ ਮੈਂ ਹਾਂ ਰੋਜ਼ੇ ਰੱਖਦਾ
ਮੈਂ ਤਾਂ ਅੱਲ੍ਹਾ ਦੇ ਬਣਾਏ ਹੋਏ ਬੰਦਿਆਂ ‘ਚੋਂ ਅੱਲ੍ਹਾ ਪਾਕਿ ਨੂੰ ਹਾਂ ਤੱਕਦਾ
ਅਸੀਂ ਝੰਗ ਅਤੇ ਤਖ਼ਤ ਹਜ਼ਾਰੇ ਨੂੰ ਮੱਕਾ ਤੇ ਮਦੀਨਾ ਮੰਨੀਏਂ
ਤੇਰੀ ਦੀਦ ਹੀ ਈਦ ਹੈ ਸਾਡੀ ਨੀ ਤੂੰਹੀਓਂ ਸਾਡਾ ਰੱਬ ਚੰਨੀਏਂ ....।
ਸਾਰੀ ਉਮਰਾ ਬੀਤ ਜਾਏ ਸਾਡੀ ਤੇ ‘ਉਮਰਾ’ ਨਾ ਕਰ ਸਕੀਏ
ਅਸੀਂ ਸਿਆਲ਼ ਤੇ ਹੁਨਾਲ਼ ਹਾਂ ਜੋ ਜੀਂਦੇ ਨੀ ਜੀਂਦੇ ਮਰ ਮਰ ਸਖੀਏ
ਸਾਡੀ ਰੱਖਦਾ ਜ਼ਕਾਤ ਹੀ ਔਕਾਤ ਜੋ, ਨੀ ਕਿੰਜ ਸਾਡਾ ਰੱਬ ਮੰਨੀਏਂ
ਤੇਰੀ ਦੀਦ ਹੀ ਈਦ ਹੈ ਸਾਡੀ ਨੀ ਤੂੰਹੀਓਂ ਸਾਡਾ ਰੱਬ ਚੰਨੀਏਂ ...।
ਮੇਰੇ ਲਈ ਤਾਂ ਇਹ ਧੀਆਂ ਤੇ ਧਿਆਣੀਆਂ ਕੁਰਾਨ ਦੀਆਂ ਆਇਤਾਂ ਨੇ
ਪਰ ‘ਆਦਮ’ ਨੂੰ ‘ਹੱਵਾ’ ਦੀ ਹੀ ਜਾਤ ਨਾਲ਼ ਸ਼ਿਕਵੇ ਸ਼ਿਕਾਇਤਾਂ ਨੇ
ਹੱਥਕੜੀਆਂ ਇਹਨਾਂ ਲਈ ਸਭ ਬੇੜੀਆਂ ਜੋ ਮਜ਼੍ਹਬੀ ਰਵਾਇਤਾਂ ਨੇ
ਇਸ ਈਦ ਤੇ ਇਹਨਾਂ ਦਾ ਛੱਜ ਭੰਨ ਕੇ ਆ ਨਵਾਂ ਕੋਈ ਮੁੱਢ ਬੰਨ੍ਹੀਏ
ਤੇਰੀ ਦੀਦ ਹੀ ਈਦ ਹੈ ਸਾਡੀ ਨੀ ਤੂੰਹੀਓਂ ਸਾਡਾ ਰੱਬ ਚੰਨੀਏਂ ...।