ਤੇਰੀ ਮੇਰੀ ਮਿੱਟੀ ਇੱਕ ਵੇ
ਫਿਰ ਕਿਉਂ ਹੈ ਰਿਸ਼ਤੇ ਵਿੱਚ ਫਿਕ ਵੇ।
ਚੋਗ਼ਾ ਚੁਗ਼ਣ ਨਾ ਆਵਣ ਚਿੜੀਆਂ
ਸੁਣ ਮੋਬਾਇਲ ਦੀ ਟਿੱਕ ਟਿੱਕ ਵੇ।
ਪਿੰਡ ਗਲੋਬਲ ਜਦ ਦਾ ਹੋਇਆ
ਸਾਰੇ ਬਹਿਣ ਨਾ ਹੋ ਇੱਕ ਮਿਕ ਵੇ।
ਪੰਖੇਰੂ ਸਭ ਮਿਲਕੇ ਸੋਚਣ
ਇਨਸਾਨਾਂ ਵਿਚ ਕਿਉਂ ਨਾ ਸਿੱਕ ਵੇ।
ਰਬ ਹੈ ਦੌਲਤ ਬੰਦੇ ਤਾਈਂ
ਧਨ ਖ਼ਾਤਿਰ ਝਟ ਜਾਂਦਾ ਵਿੱਕ ਵੇ।
ਭੁਲਕੇ ਵਿਰਸਾ, ਮੂਲੋਂ ਟੁੱਟਿਆ
ਫਿਰਦਾ ਕਰਕੇ ਚੌੜੀ ਹਿੱਕ ਵੇ।
ਰਹਿਬਰ ਹੈ ਜਦ ਲੋਭੀ ਨੇਤਾ
ਆਟਾ ਘਟ ਤੇ ਬਹੁਤੀ ਰਿੱਕ ਵੇ।
ਹਿੰਦੂ, ਮੁਸਲਿਮ, ਸਿਖ ਫੁਲਵਾੜੀ
ਕਿੰਝ ਦਿਸੇ! ਤੂੰ ਤਾਣੀ ਚਿੱਕ ਵੇ।
‘ਉੱਪਲ’ ਮਾਲਾ ਵਿੱਚ ਪਰੋਤੇ
ਸੁੱਚੇ ਮੋਤੀ ਹਾਂ ਇੱਕ ਇੱਕ ਵੇ।