ਤੇਰੀ ਮੁਹੱਬਤ ਹੈ ਜਾਂ

ਤੇਰੀ ਮੁਹੱਬਤ ਹੈ

ਜਾਂ ਹਨ੍ਹੇਰੀ ਹੈ ਕੋਈ ਮੂੰਹ ਜ਼ੋਰ

ਜੋ ਪੈਰਾਂ ਤੋਂ ਉਖਾੜ ਕੇ ਲੈ ਗਈ ਮੈਨੂੰ

ਆਪਣੀਆਂ ਬਾਹਵਾਂ ’ਚ ਸਮੇਟ

 

ਤੇਰੀ ਮੁਹੱਬਤ ਹੈ

ਜਾਂ ਤੂਫਾਨ ਹੈ ਕੋਈ ਸਮੁੰਦਰੀ

ਮੈਨੂੰ ਲਹਿਰਾਂ ਤੇ ਡੁਬਦੇ ਤਰਦੇ ਨੂੰ

ਵਹਾ ਕੇ ਲੈ ਗਿਆ ਨਾਲ ਆਪਣੇ

 

ਤੇਰੀ ਮੁਹੱਬਤ ਹੈ

ਜਾਂ ਵਾਵਰੋਲਾ ਹੈ ਅੱਥਰਾ ਕੋਈ

ਮੇਰੀ ਚੇਤਨਾ

ਇਸ ਦੀ ਘੁੰਮਣਘੇਰੀ

ਵਿੱਚ ਆਪਣੇ ਹੋਸ਼ ਹਵਾਸ

ਗੁਆ ਬੈਠੀ ਹੈ

 

ਤੇਰੀ ਮੁਹੱਬਤ ਹੈ

ਜਾਂ ਘੋੜੇ ਨੇ ਕਈ ਬੇਲਗਾਮ

ਜੋ ਮੇਰੇ ਅੰਦਰ

ਦੌੜਨ ਲੱਗੇ ਨੇ

ਸ਼ੂਕਦੇ ਤੂਫ਼ਾਨ ਵਾਂਗਰਾਂ

 

ਤੇਰੀ ਮੁਹੱਬਤ ਹੈ

ਜਾਂ ਅਗਨ ਹੈ

ਕੋਈ ਲਟ ਲਟ ਬਲ਼ਦੀ

ਮੇਰੀ ਕਾਇਆ ਜਿਸ ਵਿੱਚ ਤਪ ਰਹੀ

ਮੈਂ ਰਾਖ ਹੁੰਦਾ ਜਾ ਰਿਹਾ ਹਾਂ

ਫਿਰ ਤੋਂ ਕੁਕਨੂਸ ਹੋਣ ਲਈ।

📝 ਸੋਧ ਲਈ ਭੇਜੋ