ਤੇਰੀ ਜ਼ਾਤ ਤੇ ਆਸਾਂ ਮੈਨੂੰ

ਤੇਰੀ ਜ਼ਾਤ ਤੇ ਆਸਾਂ ਮੈਨੂੰ, ਹੋਰ ਕਿਸੇ ਤੇ ਮਾਣਾ ਨਹੀਂ ।

ਜਿਸ ਵੀ ਉਹਦੇ ਦਰ ਤੋਂ ਮੰਗਿਆ ਖ਼ਾਲੀ ਉਹ ਪਰਤਾਣਾ ਨਹੀਂ ।

ਸਿੱਧੀ ਵਾਟ ਤੇ ਟੁਰਦਾ ਜਾਵੀਂ, ਸਾਈਆਂ ਨੇ ਫਰਮਾਇਆ ਸੀ,

ਇੱਕੋ ਥਾਂ ਤੋਂ ਝੋਲੀ ਭਰ ਲੈ, ਥਾਂ ਥਾਂ ਸ਼ੀਸ਼ ਨਿਵਾਣਾ ਨਹੀਂ ।

ਬੀਤੇ ਬਾਰੇ ਕਿਉਂ ਮੈਂ ਸੋਚਾਂ, ਬੀਤੇ ਨੇ ਕਦ ਆਉਣਾ ਹੱਥ,

ਆਵਣ ਵਾਲਾ ਕੱਲ੍ਹ ਏ ਮੇਰਾ, ਮਾਜ਼ੀ ਨੂੰ ਦੁਹਰਾਉਣਾ ਨਹੀਂ ।

ਜੀਣਾ ਮਰਨਾ ਇੱਕੋ ਗੱਲ ਏ, ਮਰ ਕੇ ਵੀ ਕਈ ਜੀਂਦੇ ਨੇ,

ਰੋਜ਼ ਕਿਆਮਤ ਤੀਕਰ ਸੱਚਿਆਂ ਮਿੱਟੀ ਥੱਲੇ ਆਣਾ ਨਹੀਂ ।

'ਪੋਰਸ' ਵਰਗੇ ਟੁਰ ਗਏ ਏਥੋਂ ਜਿਹੜੇ ਸ਼ਾਨਾਂ ਵਾਲੇ ਸਨ,

ਉੱਥੇ ਪੱਕੇ ਬੰਨ੍ਹ ਕੀ ਲਾਣੇ, ਜਿੱਥੇ ਅਸਲ ਟਿਕਾਣਾ ਨਹੀਂ ।

📝 ਸੋਧ ਲਈ ਭੇਜੋ