ਤੇਜ਼, ਤਿੱਖਾ, ਤੁਰਸ਼, ਰਿਹੜੀ ਤੇ ਜੜੇ ਬੱਤੇ ਜਿਹਾ

ਤੇਜ਼, ਤਿੱਖਾ, ਤੁਰਸ਼, ਰਿਹੜੀ ਤੇ ਜੜੇ ਬੱਤੇ ਜਿਹਾ।

ਝੂਲਦੈ ਸੀਨੇ 'ਚ ਇਹ ਕੀ ਪਾਨ ਦੇ ਪੱਤੇ ਜਿਹਾ।।

ਪ੍ਰਸ਼ਨ ਪੱਤਰ ਜ਼ਿੰਦਗੀ ਦਾ ਮੰਗਦਾ ਹੈ ਇਹਤਿਆਤ,

ਹਿੱਲਦੇ ਅੱਖਰ ਤੇ ਵਰਕਾ ਭੁਰਭੁਰੇ ਗੱਤੇ ਜਿਹਾ।

ਬਖ਼ਸ਼ਦੇ ਪਰਦੇ 'ਚ, ਲੈਂਦੇ ਚੌਕ ਵਿੱਚ ਖੜ੍ਹ ਕੇ ਉਤਾਰ,

ਮਾਣ ਹੁੰਦਾ ਜਾ ਰਿਹਾ ਕੱਪੜੇ -ਲੱਤੇ ਜਿਹਾ।

ਕੌਣ ਲਿਖ ਕੇ ਧਰ ਗਿਆ ਮਾਸੂਮ ਸ਼ਿਅਰਾਂ ਦੀ ਜਗ੍ਹਾ,

ਰਾਤ ਨੂੰ ਮੇਰੇ ਸਿਰ੍ਹਾਣੇ, ਗੀਤ ਰਣਤੱਤੇ ਜਿਹਾ।

ਭਰਕੇ ਸੀਨੇ ਵਿਚ ਕੁੜੱਤਣ ਭਟਕੀਆਂ ਮਧੂਮੱਖੀਆਂ,

ਸਿਰਜਿਆ ਅਹਿਸਾਸ ਮਿੱਠਾ,ਸ਼ਹਿਦ ਦੇ ਛੱਤੇ ਜਿਹਾ।

ਹਰ ਤਰਫ਼ ਢਾਬਾਂ, ਤਲਾਬਾਂ ਤੇ ਕਿਤਾਬਾਂ ਦਾ ਸਰੂਰ,

ਧਿਆਨਪੁਰ ਖਿੜਿਐ ਗ਼ੁਲਾਬਾਂ ਦੇ ਭਰੇ ਖੱਤੇ ਜਿਹਾ।

ਰੱਬ ਦਾ ਬੰਦਾ ਸੀ ਅੰਕੁਸ਼ ਬਹਿ ਗਿਆ ਬਹਿਣੀ ਕਦੋਂ,

ਉਹ ਵੀ ਹੁਣ ਭਾਸ਼ਣ ਕਰੇ ਆਦੇਸ਼ ਮਨਮੱਤੇ ਜਿਹਾ!

📝 ਸੋਧ ਲਈ ਭੇਜੋ