ਥਾਂ-ਕੁਥਾਂ ਏਨਾ ਝੁਕੇ

ਥਾਂ-ਕੁਥਾਂ ਏਨਾ ਝੁਕੇ ਕਿ ਅੰਤ ਕੁੱਬੇ ਹੋ ਗਏ । 

ਬੁੱਤ ਸਾਡੇ ਤੋਂ ਰਤਾ ਕੁ ਹੋਰ ਉੱਚੇ ਹੋ ਗਏ

ਹੋ ਗਏ ਕਿਰਦਾਰ ਮੈਲੇ, ਸਾਫ ਕਪੜੇ ਹੋ ਗਏ । 

ਦੇਖ ਸਾਡੇ ਸ਼ਹਿਰ ਵਿੱਚ, ਕੀ ਕੀ ਮੁਅਜ਼ਜ਼ੇ ਹੋ ਗਏ।

ਮੈਂ ਵੀ ਗੁਮਸੁਮ ਹਾਂ ਤਾਂ ਓਧਰ ਦਰਦ ਵੀ ਗ਼ਮਗੀਨ ਹੈ, 

ਕਿਉਂ ਅਸੀਂ, ਇੱਕ ਦੂਸਰੇ ਦੇ ਨਾਲ ਗੁੱਸੇ ਹੋ ਗਏ?

ਵੱਧ ਗਿਆ ਹੈ ਭਾਰ ਹੀ ਵਹਿੰਗੀ ਦਾ ਜਾਂ ਮਾਂ-ਬਾਪ ਦਾ, 

ਜਾਂ ਕਿ ਫ਼ਿਰ ਸਰਵਣ ਦੇ ਹੀ ਕਮਜ਼ੋਰ ਮੋਢੇ ਹੋ ਗਏ

ਵਕਤ ਤੋਂ ਬੇਦਰਦ ਹੋਇਆ ਹੈ, ਨਾ ਹੋਵੇਗਾ ਕੋਈ, 

ਬੁਝ ਗਈ ਮੱਚਦੀ ਜਵਾਨੀ, ਮਹਿਲ ਮਲਬੇ ਹੋ ਗਏ।

ਉਹ ਜੋ, ਲੱਗਦਾ ਸੀ ਵਫ਼ਾ ਨੂੰ ਬਿਨ ਵਜ੍ਹਾ ਹਨ ਨਿੰਦਦੇ, 

ਤੂੰ ਦਗ਼ਾ ਦਿੱਤਾ ਤਾਂ ਸਾਰੇ ਲੋਕ ਸੱਚੇ ਹੋ ਗਏ

ਕਿਸ ਤਰ੍ਹਾਂ ਬੱਚੇ ਸਜਾਏ ਹਨ ਤੁਸੀਂ ਕਿ ਦੇਖ ਕੇ, 

ਸਿਰ 'ਤੇ ਹੀ ਰਹਿਣੇ ਸੀ ਜਿਹੜੇ ਹੱਥ, ਅੱਥਰੇ ਹੋ ਗਏ।

📝 ਸੋਧ ਲਈ ਭੇਜੋ