ਠਾਹ-ਠਾਹ ਕਰਦੀਆਂ ਵਾਜ਼ਾਂ ਚਾਰ-ਚੁਫ਼ੇਰੇ ਨੇ

ਠਾਹ-ਠਾਹ ਕਰਦੀਆਂ ਵਾਜ਼ਾਂ ਚਾਰ-ਚੁਫ਼ੇਰੇ ਨੇ ।

ਲਹੂ ਵਿਚ ਡੁੱਬੀਆਂ ਲਾਸ਼ਾਂ ਚਾਰ-ਚੁਫ਼ੇਰੇ ਨੇ ।

ਰਾਹਕਾਂ ਘਰ ਤੇ ਫੱਕਾ ਦਾਣੇ ਪੁੱਜਦੇ ਨੇ,

ਹਰੀਆਂ-ਭਰੀਆਂ ਫ਼ਸਲਾਂ ਚਾਰ-ਚੁਫ਼ੇਰੇ ਨੇ ।

ਜੇ ਕਰ ਆਸ ਦਾ ਸੂਰਜ ਅੰਦਰੋਂ ਬੁਝਿਆ ਏ,

ਘੁੱਪ ਹਨੇਰੀਆਂ ਰਾਤਾਂ ਚਾਰ-ਚੁਫ਼ੇਰੇ ਨੇ ।

ਤੇਰੇ ਘਰ ਦੀ ਕੋਈ ਨਿਸ਼ਾਨੀ ਚੇਤੇ ਨਹੀਂ,

ਉਹੋ ਬੂਹੇ ਗਲੀਆਂ ਚਾਰ-ਚੁਫ਼ੇਰੇ ਨੇ ।

ਖੁੱਲੀਆਂ ਅੱਖਾਂ ਨਾਲ ਜੇ ਕੱਠੀਆਂ ਕਰੀਏ ਤੇ,

ਡਿੱਗੀਆਂ ਹੋਈਆਂ ਨਜ਼ਰਾਂ ਚਾਰ-ਚੁਫ਼ੇਰੇ ਨੇ ।

ਫੇਰ ਵੀ ਖ਼ਵਰੇ ਔਖਾ ਸਾਹ ਕਿਉਂ ਆਉਂਦਾ ਏ,

ਖੁੱਲੀਆਂ 'ਸ਼ਾਦ' ਫ਼ਿਜ਼ਾਵਾਂ ਚਾਰ-ਚੁਫ਼ੇਰੇ ਨੇ ।

📝 ਸੋਧ ਲਈ ਭੇਜੋ