ਥਾਂ ਥਾਂ ਕੈਦੋਂ ਖੇੜੇ, ਅੱਜ ਕੱਲ, ਵਸ ਨਹੀਂ ਚਲਦਾ ਹੀਰਾਂ ਦਾ ।
ਐਵੇਂ ਰਾਂਝੇ ਪੱਲਾ ਫੜ ਫੜ, ਮਰ ਗਏ ਪੰਜਾਂ ਪੀਰਾਂ ਦਾ ।
ਹਾਸੇ ਨੂੰ ਵੀ ਲੋਕੀ ਮੂੰਹ ਤੇ, ਪਾਉਡਰ ਵਾਂਗੂੰ ਲਾਉਂਦੇ ਨੇ,
ਬਾਹਰੋਂ ਹਰ ਕੋਈ ਰੇਸ਼ਮ ਦਿਸਦਾ, ਅੰਦਰੋਂ ਖਿੱਦੋ ਲੀਰਾਂ ਦਾ ।
ਇਸ਼ਕ ਅਵੱਲੀਆਂ ਸੱਟਾਂ ਮਾਰੇ, ਅੰਦਰੋਂ ਅੰਦਰੀ ਜੇਰੇ ਨੂੰ,
ਮਰਹਮ ਕਿੱਧਰੋਂ ਹੱਥ ਨਾ ਆਵੇ, ਇਹਨਾਂ ਗੁੱਝੀਆਂ ਪੀੜਾਂ ਦਾ ।
ਇਸ਼ਕ ਤੇ ਆਸ਼ਿਕ ਇੱਕੋ ਦੋਵੇਂ, ਇਕ ਦੂਜੇ ਨਾਲ ਸਜਦੇ ਨੇ,
ਆਪਸ ਦੇ ਵਿਚ ਸਾਥ ਇਨ੍ਹਾਂ ਦਾ, ਜਿਸਰਾਂ ਖੰਡ ਤੇ ਖੀਰਾਂ ਦਾ ।
ਇਸ਼ਕ ਨੇ ਦੁਨੀਆਂ ਰੋਸ਼ਨ ਕੀਤੀ, ਨੂਰੋ-ਨੂਰ ਸੁਹਾਉਂਦਾ ਏ,
ਜਿਸਰਾਂ ਰਾਤ ਹਨੇਰੀ ਦੇ ਵਿਚ, ਚਾਨਣ ਬਦਰ ਮੁਨੀਰਾਂ ਦਾ ।
ਚੰਨ ਤੇ ਤਾਰੇ ਦੂਰ ਦੁਰਾਡੇ, ਕਿੱਥੇ ਨੱਸ ਕੇ ਜਾਵਾਂ ਮੈਂ,
'ਆਸ਼ਿਕ' ਮਕਸਦ ਸੁੱਝਦਾ ਨਾਹੀਂ, ਹੁਣ ਉੱਚੀਆਂ ਤਾਮੀਰਾਂ ਦਾ ।