ਠੰਡੀਆਂ ਪੌਣਾਂ ਦਾ ਮੌਸਮ ਲੈ ਗਿਉਂ ਤੂੰ ਆਪਣੇ ਨਾਲ !
ਮੇਰੇ ਹਿੱਸੇ ਆ ਗਿਆ ਇੱਕ ਧੁਖ ਰਿਹਾ ਸਿੱਲ੍ਹਾ ਸਿਆਲ !
ਨਜ਼ਰ ਤੋਂ ਇਨਸਾਨ ਤੱਕ ਹਰ ਚੀਜ਼ ਹੈ ਧੁੰਦਲਾ ਗਈ,
ਇਸ ਭਿਆਨਕ ਧੁੰਦਲਕੇ ਵਿਚ ਕਿੰਜ ਲਵਾਂ ਤੈਨੂੰ ਮੈਂ ਭਾਲ ।
ਮੈਂ ਤਾਂ ਤੇਰੀ ਹਰ ਅਦਾ ਦੇ ਸੌ ਸੌ ਪਹਿਲੂ ਜਾਣਦਾਂ,
ਹੋਰ ਦੀ ਗੱਲ ਹੋਰ ਹੈ ਤੂੰ ਇਸ ਤਰ੍ਹਾਂ ਮੈਨੂੰ ਨ ਟਾਲ ।
ਅਲਪ ਉਮਰਾ ਦੀ ਦੀਵਾਲੀ ਬੁਝ ਰਹੀ ਹੈ ਦੋਸਤੋ,
ਮੱਸਿਆ ਦੇ ਪੁੰਨਿਆ ਬਣ ਜਾਣ ਦਾ ਛੱਡੋ ਖ਼ਿਆਲ।
ਕੀ ਕਰੇਗੀ ਤੇਰਿਆਂ ਸੂਖ਼ਮ ਸੁਆਲਾਂ ਦੀ ਕਟਾਰ !
ਵਕਤ ਦੇ ਹੱਥਾਂ 'ਚ ਹੈ ਪੱਥਰ ਜਿਹੇ ਲਫ਼ਜ਼ਾਂ ਦੀ ਢਾਲ।
ਪਹਿਲਿਆਂ ਵਿਚ ਤਾਂ ਸਿਰਫ਼ ਛੱਤਾਂ ਹੀ ਡਿੱਗੀਆਂ ਸੀ ਹਜ਼ੂਰ,
ਹੁਣ ਘਰਾਂ ਦੇ ਫ਼ਰਸ਼ ਤਿੜਕਣਗੇ ਜੇ ਫਿਰ ਆਇਆ ਭੁਚਾਲ।
ਕੀ ਪਤੈ ਕਿ ਏਸ ਨੇ ਕਿੰਨਾ ਸਫ਼ਰ ਕਰਨੈਂ ਅਜੇ,
ਮੈਂ ਤਾਂ ਐਵੇਂ ਜੀ ਭਿਆਣਾ ਤੁਰ ਪਿਆ ਖੁਸ਼ਬੂ ਦੇ ਨਾਲ।
ਹੈ ਬੁਰੀ ਨੀਅਤ ਸ਼ਰੀਕਾਂ ਤੇਰਿਆਂ ਦੀ ‘ਕੇਸ਼ੀਆ',
ਖਿੰਡ ਰਿਹਾ ਹੈ ਘਰ ਤੇਰਾ ਇਸ ਘਰ ਦੀਆਂ ਕੰਧਾਂ ਸੰਭਾਲ ।