ਥਰ ਥਰ ਕੰਬਦੇ ਪਰ ਚਿੜੀਆਂ ਦੇ

ਥਰ ਥਰ ਕੰਬਦੇ ਪਰ ਚਿੜੀਆਂ ਦੇ

ਰੱਬਾ ਲਾਹ ਦੇ ਡਰ ਚਿੜੀਆਂ ਦੇ

ਤੇਰੇ ਪੱਕਿਆਂ ਮਹਿਲਾਂ ਖੋਹ ਲਏ

ਨਿੱਕੇ ਨਿੱਕੇ ਘਰ ਚਿੜੀਆਂ ਦੇ

ਕਿੱਕਰ ਟਾਹਲੀ ਬੋਹੜਾਂ ਪੁੱਟ ਕੇ

ਸਿਰ ਨਾ ਨੰਗੇ ਕਰ ਚਿੜੀਆਂ ਦੇ

ਇੱਲ ਤੇ ਕਾਂ ਦੇ ਰੌਲ਼ੇ ਵਿਚ ਵੀ

ਹੱਕ ਜਾਂਦੇ ਨੇ ਮਰ ਚਿੜੀਆਂ ਦੇ

ਸ਼ਿਕਰੀ ਰੁੱਤ ਵੇਖੀਂ ਕਿਧਰੇ 

ਲੇਖ ਨਾ ਜਾਵਣ ਹਰ ਚਿੜੀਆਂ ਦੇ

ਮੌਸਮ ਭਾਵੇਂ ਜੋ ਵੀ ਹੋਵੇ

ਰਹਿੰਦੇ ਪੱਲੂ ਤਰ ਚਿੜੀਆਂ ਦੇ

ਸੁੱਖ ਜੇ ਵੱਸ ਵਿਚ ਹੋਵਣ ‘ਸੰਧੂ’ 

ਵਿਹੜੇ ਦੇਵਾਂ ਭਰ ਚਿੜੀਆਂ ਦੇ

📝 ਸੋਧ ਲਈ ਭੇਜੋ