ਥੇਹਾਂ ਦੀ ਬੋਲੀ

ਨਾ ਹੁਣ ਦਸਤੀਂ ਵੈਦਗੀਆਂ ਨੇ

ਨਾ ਹੀ ਜੰਗਲੀ ਪੱਤਰ

ਸਾਡੇ ਖਰਲੀਂ ਪਿਸ ਜਾਂਦੇ ਹੁਣ

ਮੋਤੀਆਂ ਦੇ ਸੰਗ ਪੱਥਰ

ਅੱਗ ਲੱਗੀਆਂ ਲਹਿਰਾਂ ਦੇ ਉੱਤੇ

ਕਦ ਤੱਕ ਝੂਟੇ ਖਾਂਦੀ

ਕਦ ਤੱਕ ਨੀਲੇ ਪਾਣੀ ਉੱਤੇ

ਮੁਰਗਾਬੀ ਨਸ਼ਿਆਂਦੀ ?

ਕਿਉਂ ਤੁੰਮਿਆਂ ਦੀ ਵੇਲ ਦੇ ਵਿੱਚੋਂ

ਕੌੜ-ਕੁੜੱਤਣ ਮੱਕ ਜਾਏ ?

ਕਿਉਂ ਕੋਈ ਅਜਵਾਇਣਾਂ ਦਾ ਪੱਤ

ਬੇ-ਮੁਸ਼ਕਾ ਹੀ ਸੁੱਕ ਜਾਏ ?

ਨਾ ਕੋਈ ਸਾਡੇ ਵਿਹੜੇ ਆਇਆ

ਨਾ ਮੈਂ ਥਿੰਦੇ ਕਰੇ ਦੁਆਰੇ

ਹੋ ਸਕਦਾ ਰੋਜ਼ ਰਾਤ ਨੂੰ

ਢੂੰਡ ਮੇਰੀ ਵਿੱਚ ਨਿੱਕਲਣ ਤਾਰੇ

ਇੱਕ ਬਣਤਰ ਤੋਂ ਦੂਜੀ ਦੇ ਵਿੱਚ

ਇੰਞ ਢਲ਼ ਗਏ ਨੇ ਹਾਣੀ

ਬੋਹਟੀ ਦੇ ਵਿੱਚ ਵਟ ਜਾਂਦੀ ਹੈ

ਜਿਉਂ ਪਿਲਛੀ ਦੀ ਟਾਹਣੀ

ਹੋ ਸਕਦੈ ਮੈਂ ਆਪਣੀ ਵਲਗਣ

ਲੇਹਾਂ ਦੇ ਸੰਗ ਸੀਤੀ ਹੋਵੇ

ਜਾਂ ਥੇਹਾਂ ਦੀ ਗੂੰਗੀ ਬੋਲੀ

ਘੁੱਟ-ਦੋ-ਘੁੱਟਾਂ ਪੀਤੀ ਹੋਵੇ

ਰੱਕੜ, ਮੈਰੇ, ਉੱਜੜੇ-ਬੰਨੇ

ਹੀ ਕਿਉਂ ਮੈਨੂੰ ਮੇਰੇ ਲੱਗਦੇ ?

ਫੁੱਲ, ਪਰਿੰਦੇ, ਸਾਵੇ-ਖਿੱਤੇ

ਹੀ ਕਿਉਂ ਮੈਂਨੂੰ ਤੇਰੇ ਲੱਗਦੇ ?

📝 ਸੋਧ ਲਈ ਭੇਜੋ