ਥੋੜ੍ਹੀਆਂ ਵਧੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ
ਨਵੀਆਂ ਉਚੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ
ਮੇਰੀਆਂ ਜਾਂ ਤੇਰੀਆਂ ਨੇ ਤੇਰੀਆਂ ਜਾਂ ਮੇਰੀਆਂ ਨੇ
ਸੱਭੇ ਹੇਰਾ ਫੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ
ਕਾਲ਼ਕਾਂ ਨੂੰ ਧੋਂਦਿਆਂ ਵੀ ਚਾਨਣਾਂ ਦੇ ਹੋਂਦਿਆਂ ਵੀ
ਰਾਤਾਂ ਜੋ ਹਨੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ
ਰੁੱਗਾਂ ਮੂੰਹੀਂ ਖਾਂਵਦੇ ਨੇ ਸਾਨੂੰ ਜੋ ਵੀ ਖਾਂਵਦੇ ਨੇ
ਚਿੱਕੜਾਂ ਤੇ ਗੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ
ਅੱਗੇ ਪਿੱਛੇ ਡੋਲਣਾ ਨਈਂ ਮੂੰਹਾਂ ਉੱਤੇ ਬੋਲਣਾ ਨਈਂ
ਕਾਹਦੀਆਂ ਦਲੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ
ਗਿੱਦੜਾਂ ਤੇ ਚੀਤਿਆਂ ਨੇ ਇੱਥੇ ਕਈ ਪਲੀਤਿਆਂ ਨੇ
ਭੇਡਾਂ ਜਿਵੇਂ ਘੇਰੀਆਂ ਨੇ ਸੱਭੇ ਹੇਰਾ ਫੇਰੀਆਂ ਨੇ
‘ਸੰਧੂ’ ਜੋ ਲਸੇਰੀਆਂ ਸੀ ਹਾਲੇ ਵੀ ਲਸੇਰੀਆਂ ਨੇ
ਦੱਸਾਂ ਕਿਉਂ ਲਸੇਰੀਆਂ ਨੇ, ਸੱਭੇ ਹੇਰਾ ਫੇਰੀਆਂ ਨੇ