ਕੱਲ੍ਹ ਕਿਸੇ ਨੇ
ਧਰਤੀ ਦਾ ਇਕ ਭਖਦਾ ਕੋਲਾ
ਰਖ ਦਿਤਾ ਸੂਰਜ ਦੀ ਵੱਖੀ
ਰਾਤ ਦਿਹਾੜੇ ਏਨੀ ਅੱਗ ਸਹਾਰਨ ਵਾਲਾ
ਜਰ ਨਾ ਸਕਿਆ
ਬੰਦੇ ਦੀ ਨਿੱਕੀ ਜਿਹੀ ਛਿਲਤਰ
ਸੂਰਜ ਕੱਚ ਦਾ ਨਹੀਂ
ਫੇਰ ਵੀ ਇਕ ਚਿੰਗਿਆੜਾ
ਵਿੱਤੋਂ ਬਾਹਰ ਸਹਾਰ ਨ ਸਕਿਆ
ਸਾਡੇ ਵੇਂਹਦੇ ਵੇਂਹਦੇ ਤਿੜਕ ਦੁਖੰਡ ਹੋ ਗਿਆ
ਵਿੰਗ ਤੜਿੰਗੀਆਂ ਦੋਵੇਂ ਖੰਨੀਆਂ
ਆਪਸ ਦੇ ਵਿਚ ਕਰਨ ਲੜਾਈ
ਇਕ ਦੂਜੇ ਵਲ ਤੋਰਨ ਅੱਗ ਦੇ ਸੂਹੇ ਦਰਿਆ
ਚਾਨਣ ਆਖੇ ਮੈਂ ਨਹੀਂ 'ਕਲਿਆਂ ਧਰਤੀ ਜਾਣਾ
ਸੇਕ ਆਖਦਾ, ਪਹਿਲਾਂ ਤੂੰ ਜਾ
ਤੇਰੇ ਮਗਰੋਂ ਰਤਾ ਪਛੜ ਕੇ ਮੈਂ ਆਵਾਂਗਾ
ਧਰਤ ਨਿਮਾਣੀ ਭਲਾ ਕੀ ਆਖੇ
ਉਸ ਦੇ ਸਿਰ 'ਤੇ ਇੱਕੋ ਸੂਰਜ
ਸੂਰਜ ਜਿਸ ਦਾ ਅੱਗ ਚਾਨਣਾ
ਇਕ ਦੂਜੇ ਤੋਂ ਰੁੱਸੇ ਹੋਏ