ਤੀਲੇ ਆਸਾਂ ਦੇ ਕੁੱਝ ਬਚ ਗਏ

ਤੀਲੇ ਆਸਾਂ ਦੇ ਕੁੱਝ ਬਚ ਗਏ, ਹੈਸਨ ਪਿਛਲੀਆਂ ਛਾੜਾਂ ਵਿਚ ।

ਤਾਹੀਉਂ ਬਿਜਲੀ ਅੱਜ ਤੱਕ ਫਿਰਦੀ, ਘਰ ਮੇਰੇ ਦੀਆਂ ਤਾੜਾਂ ਵਿਚ ।

ਮੀਂਹ ਹੰਝੂਆਂ ਦਾ ਕਰ ਨਹੀਂ ਸਕਦਾ, ਠੰਢੀ ਅੱਗ ਵਿਛੋੜੇ ਦੀ,

ਬਾਰਸ਼ ਪੈ ਕੇ ਹੁਸਟਰ ਦੂਣਾ, ਹੋ ਜਾਂਦਾ ਏ ਹਾੜ੍ਹਾਂ ਵਿਚ ।

ਇਸ ਗੱਲ ਦੀ ਅਜ਼ਮਾਇਸ਼ ਕਾਹਦੀ, ਦਾਨੇ ਸੱਚ ਈ ਕਹਿ ਗਏ ਨੇ,

ਕੌਣ ਕਿਸੇ ਦਾ ਸਾਥੀ ਬਣਦੈ, ਯਾਰੋ ਪੈਂਦੀਆਂ ਧਾੜਾਂ ਵਿਚ ।

ਲੱਭੇ ਅਸੀਂ ਵਿਗਾੜਾਂ ਵਿੱਚੋਂ, ਹੀਲੇ ਸਦਾ ਸਵਾਰਣ ਦੇ,

ਸਾਰੀ ਉਮਰੇ ਲਾਉਂਦੇ ਰਹਿ ਗਏ, ਦੂਤੀ ਟਿੱਲ ਵਿਗਾੜਾਂ ਵਿਚ ।

ਕੀ ਹੋਇਆ ਜੇ ਵੈਰੀਆਂ ਕੀਤੀ, ਰਾਹ ਵਿਚ ਕੰਧ ਵਿਛੋੜੇ ਦੀ,

ਪੈਦਾ ਕਰ ਲੈਂਦਾ ਏ ਰਸਤੇ, ਪੁਖਤਾ ਅਜ਼ਮ ਪਹਾੜਾਂ ਵਿਚ ।

ਅੱਜ ਵੀ ਸਾਡੇ ਦਿਲ ਵਿਚ ਹੈਗਾ ਜਜ਼ਬਾ 'ਖ਼ਾਲਿਦ', 'ਤਾਰਿਕ' ਦਾ,

ਗਰਦਿਸ਼ ਕਰਦਾ ਖ਼ੂਨ ਉਨਾਂ ਦਾ, ਅੱਜ ਵੀ ਸਾਡੀਆਂ ਨਾੜਾਂ ਵਿਚ।

ਜਾਨ ਇਕੱਲੀ, ਲੱਖਾਂ ਧੰਦੇ, ਮੋਹਲਤ ਚਾਰ ਦਿਹਾੜੇ ਦੀ,

ਕੀ ਕਰੀਏ ਤੇ ਕੀ ਨਾ ਕਰੀਏ, 'ਸ਼ੈਦਾ' ਚਾਰ ਦਿਹਾੜਾਂ ਵਿਚ ।

📝 ਸੋਧ ਲਈ ਭੇਜੋ