ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਖੋਟੇ ਦਮ ਮੁਹੱਬਤ ਵਾਲੇ

ਬੰਨ੍ਹ ਉਮਰਾਂ ਦੇ ਪੱਲੇ ।

ਸੱਦ ਸੁਨਿਆਰੇ ਪ੍ਰੀਤ-ਨਗਰ ਦੇ

ਇਕ ਇਕ ਕਰਕੇ ਮੋੜਾਂ

ਸੋਨਾ ਸਮਝ ਵਿਹਾਜੇ ਸਨ ਜੋ

ਮੈਂ ਪਿੱਤਲ ਦੇ ਛੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਯਾਦਾਂ ਦਾ ਇਕ ਮਿੱਸਾ ਟੁੱਕਰ

ਬੰਨ੍ਹ ਉਮਰਾਂ ਦੇ ਪੱਲੇ ।

ਕਰਾਂ ਸਰਾਧ ਪਰੋਹਤ ਸੱਦਾਂ

ਪੀੜ ਮਰੇ ਜੇ ਦਿਲ ਦੀ

ਦਿਆਂ ਦੱਖਣਾ ਸੁੱਚੇ ਮੋਤੀ

ਕਰਨ ਜ਼ਖ਼ਮ ਜੇ ਅੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਗੀਤਾਂ ਦਾ ਇਕ ਹਾੜ ਤਪੰਦਾ

ਬੰਨ੍ਹ ਉਮਰਾਂ ਦੇ ਪੱਲੇ ।

ਤਾੜੀ ਮਾਰ ਉੱਡਦੇ ਨਾਹੀਂ

ਬੱਦਲਾਂ ਦੇ ਮਾਲੀ ਤੋਂ

ਅੱਜ ਕਿਰਨਾਂ ਦੇ ਕਾਠੇ ਤੋਤੇ

ਧਰਤੀ ਨੂੰ ਟੁੱਕ ਚੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਮਹਿਕ ਸੱਜਣ ਦੇ ਸਾਹਾਂ ਦੀ

ਅੱਜ ਬੰਨ੍ਹ ਉਮਰਾਂ ਦੇ ਪੱਲੇ ।

ਕੋਤਰ ਸੌ ਮੈਂ ਕੰਜਕ ਬ੍ਹਾਵਾਂ

ਨਾਲ ਲੰਕੜਾ ਪੂਜਾਂ

ਜੇ ਰੱਬ ਯਾਰ ਮਿਲਾਏ ਛੇਤੀ

ਛੇਤੀ ਮੌਤਾਂ ਜਾਂ ਘੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਚੜ੍ਹੀ ਜਵਾਨੀ ਦਾ ਫੁੱਲ ਕਾਰਾ

ਬੰਨ੍ਹ ਉਮਰਾਂ ਦੇ ਪੱਲੇ ।

ਸ਼ਹਿਦ ਸੁਆਵਾਂ ਦਾ ਕਿੰਜ ਪੀਵੇ

ਕਾਲੀ ਰਾਤ ਮਖੋਰੀ

ਚੰਨ ਦੇ ਖੱਗਿਓਂ ਚਾਨਣ 'ਚੋਂ ਅੱਜ

ਲੈ ਗਏ ਮੇਘ ਨਿਗੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਭੁੱਬਲ ਤਪੀ ਦਿਲ ਦੇ ਥਲ ਦੀ

ਬੰਨ੍ਹ ਉਮਰਾਂ ਦੇ ਪੱਲੇ ।

ਹੇਕ ਗੁਲੇਲੀਆਂ ਵਰਗੀ ਲਾ ਕੇ

ਗਾਵਣ ਗੀਤ ਹਿਜਰ ਦੇ

ਅੱਜ ਪਰਦੇਸਣ ਪੌਣਾਂ ਥੱਕੀਆਂ

ਬਹਿ ਰੁੱਖਾਂ ਦੇ ਥੱਲੇ ।

ਮਾਏ ਨੀ ਅਸੀਂ ਕਰਨ ਬ੍ਰਿਹੋਂ ਦਾ

ਤੀਰਥ ਹਾਂ ਅੱਜ ਚੱਲੇ

ਹੰਝੂਆਂ ਦੀ ਇਕ ਕੂਲ੍ਹ ਵਗੇਂਦੀ

ਬੰਨ੍ਹ ਉਮਰਾਂ ਦੇ ਪੱਲੇ ।

ਇਕ ਹੱਥ ਕਾਸਾ ਇਕ ਹੱਥ ਮਾਲਾ

ਗਲ ਵਿਚ ਪਾ ਕੇ ਬਗਲੀ

ਜਿਤ ਵੱਲ ਯਾਰ ਗਿਆ ਨੀ ਮਾਏ

ਟੁਰ ਚੱਲੀਆਂ ਉੱਤ ਵੱਲੇ ।

📝 ਸੋਧ ਲਈ ਭੇਜੋ