ਤਿੱਥ ਤਰੀਕਾਂ

ਉਹ ਪੁੱਛਦੀ -

ਤੈਨੂੰ ਪਤਾ ਹੈ

ਪਹਿਲੀ ਵਾਰ ਕਿਸ ਦਿਨ 

ਮਿਲੇ ਸੀ ਅਸੀਂ

ਕੀ ਤਰੀਕ 

ਕੀ ਮਹੀਨਾ 

ਕੀ ਸਾਲ

 

ਮੈਂ ਕਹਿੰਦਾ - ਨਹੀਂ

 

ਦੂਜੀ ਵਾਰ ਕਦੋਂ ਮਿਲੇ ਸਾਂ

ਯਾਦ ਹੈ

ਮੈਂ ਕਿਹਾ- 

ਨਹੀਂ..

 

ਉਹ ਫੇਰ ਪੁੱਛਦੀ

ਤੀਜੀ ਵਾਰ .... ?

 

ਮੈਂ ਕਹਿੰਦਾ- 

ਨਹੀਂ..

 

ਮੈਂ ਕਿਹਾ-

ਮੈਨੂੰ ਤਿੱਥਾਂ ਤਰੀਕਾਂ

ਚੇਤੇ ਨਹੀਂ ਰਹਿੰਦੀਆਂ

ਬਸ ਮੈਨੂੰ ਤਾਂ

ਮਿਲਣ ਦੇ ਉਹ ਪਲ ਯਾਦ ਰਹਿੰਦੇ

ਉਹਨਾਂ ਸੰਯੋਗੀ ਪਲਾਂ ਦਾ

ਬੂਟਾ ਮੇਰੇ ਮਨ ਦੀ

ਧਰਤੀ ’ਚ ਕਿਸੇ ਨੁੱਕਰੇ

ਰਾਤ ਰਾਣੀ ਦੀ 

ਵੇਲ ਵਾਂਗ ਮਹਿਕ ਪੈਂਦਾ

ਅਕਸਰ ਰਾਤ ਨੂੰ

ਜਦ ਮੇਰੀ

ਜਾਗ ਖੁੱਲ੍ਹਦੀ

ਤਾਂ ਉਹ ਮਹਿਕ

ਮੇਰੇ ਸਾਹਾਂ ਵਿੱਚੋਂ ਨਿਕਲ

ਮੇਰੇ ਆਲੇ ਦੁਆਲੇ ਵਿੱਚ

ਫੈਲਣ ਲੱਗਦੀ..

 

ਇਸ ਮਹਿਕ ’ਚ ਗੁਆਚਾ

ਮੈਂ ਫਿਰ ਉਹਨਾਂ

ਪਲਾਂ ਵਿੱਚ ਪਰਤ ਜਾਂਦਾ

ਉਹਨਾਂ ਪਲਾਂ ਨੂੰ

ਮੁੜ ਜਿਊਣ ਲੱਗਦਾ

 

ਮੈਂ ਕਹਿੰਦਾ -

ਤਿੱਥਾਂ ਤਰੀਕਾਂ ਦਾ

ਚੇਤਾ ਤੂੰ ਰੱਖ ਲੈ

 

ਮੇਰੇ ਅੰਦਰ ਤਾਂ ਬੱਸ

ਮਿਲਣ ਦੇ

ਉਹਨਾਂ ਪਲਾਂ ਦਾ

ਅਹਿਸਾਸ ਹੀ

ਮਹਿਕਦਾ ਰਹਿਣ ਦੇ।

📝 ਸੋਧ ਲਈ ਭੇਜੋ