ਤੂੰ ਛਡ ਦੇ ਦਿਲਾ ਏਹਨਾਂ ਹਾਵਾਂ ਦੀ ਰਾਖੀ

ਤੂੰ ਛਡ ਦੇ ਦਿਲਾ ਏਹਨਾਂ ਹਾਵਾਂ ਦੀ ਰਾਖੀ,

ਕਦੀ ਹੋ ਨਈਂ ਸਕਦੀ, ਹਵਾਵਾਂ ਦੀ ਰਾਖੀ ।

ਕਦੋਂ ਤਾਈਂ ਰੋਕੇਂਗਾ, ਟੋਕੇਂਗਾ ਮੈਨੂੰ,

ਨਹੀਂ ਮੈਥੋਂ ਹੋਣੀ, ਨਿਗਾਹਵਾਂ ਦੀ ਰਾਖੀ?

ਬਸ ਇਕ ਸਾਹ ਦੇ, ਅਓਣ ਜਾਵਣ ਦੀ ਖ਼ਾਤਰ,

ਹੈ ਕਰਨੀ ਪਈ, ਲੱਖਾਂ ਸਾਹਵਾਂ ਦੀ ਰਾਖੀ ।

ਕਦੀ ਭੁਲ ਭੁਲੇਖੇ, ਓਹ ਐਧਰ ਨਾ ਆਇਆ,

ਮੈਂ ਕੀਤੀ ਏ ਬੇਕਾਰ, ਰਾਹਵਾਂ ਦੀ ਰਾਖੀ ।

ਜੇ ਕਾਲਜ ਚੋਂ ਮਿਲਦੀ, ਸਵਾਬਾਂ ਦੀ ਡਿਗਰੀ,

ਸ਼ਰੇ ਆਮ ਹੁੰਦੀ, ਗੁਨਾਹਵਾਂ ਦੀ ਰਾਖੀ ।

ਜੋ ਮਰਜ਼ੀ ਐ ਮਾਲਿਕ ਦੀ, ਹੁੰਦਾ ਹੀ ਰਹਿਨੈਂ,

ਨਾ ਧੁੱਪਾਂ ਦੀ ਹੋਣੀ, ਨਾ ਛਾਵਾਂ ਦੀ ਰਾਖੀ ।

ਸਿਤਮ ਨੇ ਤੇ, ਸੁਸਰੀ ਦੇ ਵਾਂਗੂੰ ਸੀ ਸੌਣਾਂ,

ਵਫ਼ਾ ਜੇ ਨਾ ਕਰਦੀ, ਜਫ਼ਾਵਾਂ ਦੀ ਰਾਖੀ ।

ਬਨਾਣਾਂ ਸੀ ਮੈਂ ਤੇ, ਨਿਗਾਹਾਂ ਨੂੰ ਪੱਥਰ,

ਕਰਨ ਦੇਂਦੋਂ ਜੇਕਰ, ਅਦਾਵਾਂ ਦੀ ਰਾਖੀ ।

ਜਿਵੇਂ ਕਰਦੀਆਂ 'ਮਾਵਾਂ' 'ਅਸ਼ਰਫ਼' ਹਿਫ਼ਾਜ਼ਤ,

ਨਾ ਹੋਵੇ ਓਵੇਂ ਸਾਥੋਂ 'ਮਾਵਾਂ' ਦੀ ਰਾਖੀ ।

📝 ਸੋਧ ਲਈ ਭੇਜੋ