ਤੋੜ ਕੇ ਘੇਰਾ ਸੁਤੰਤਰ ਹੋ ਗਈ।
ਸੋਚ ਜਦ ਸ਼ੀਸ਼ੇ ਤੋਂ ਪੱਥਰ ਹੋ ਗਈ।
ਇੰਝ ਲਗਦਾ ਹੈ ਕਿ ਮੇਰੀ ਜ਼ਿੰਦਗੀ,
ਆਰਜ਼ੀ ਖ਼ੁਸ਼ੀਆਂ ’ਤੇ ਨਿਰਭਰ ਹੋ ਗਈ।
ਹੁਣ ਨਹੀਂ ਖੜਕਾਉਂਦੀ ਬੂਹੇ ਬਾਰੀਆਂ,
ਇਹ ਹਵਾ ਵੀ ਮੇਰੇ ਵਾਂਗਰ ਹੋ ਗਈ।
ਮਨ ਤਾਂ ਮੇਰਾ ਅੱਜ ਵੀ ਹੈ ਬੇਲਿਬਾਸ,
ਭਾਵੇਂ ਸ਼ੁਹਰਤ ਤਨ ਦਾ ਵਸਤਰ ਹੋ ਗਈ।
ਫੁੱਲ ਦੇ ਬਿਖਰਨ ਦਾ ਮੈਨੂੰ ਗ਼ਮ ਨਹੀਂ,
ਗ਼ਮ ਤਾਂ ਇਹ ਹੈ ਖ਼ੁਸ਼ਬੂ ਬੇਘਰ ਹੋ ਗਈ।