ਤੋਤੇ ਦੇ ਪਰ ਹੇਠ ਪਈ
ਮਦ ਬਿਰਖ ਦੀ ਹੁੱਲੇ,
ਚੜ੍ਹੇ ਨਿਮਾਣੀ ਰਿਸ਼ਮ 'ਤੇ
ਅੰਬਰ ਦੇ ਬੁੱਲੇ।
ਸਦਾ ਸੁਹਾਗਣ ਰੰਗਲੀ
ਪੀ ਖ਼ਾਕ ਖ਼ੁਮਾਰੀ,
ਚੜ੍ਹੇ ਹੋਏ ਦਰਿਆ ਤੱਕ
ਘੁੰਡ ਸ਼ਰਮ ਦੇ ਖੁੱਲ੍ਹੇ।
ਮਿਰਗਾਂ ਪਿੱਛੇ ਮੇਰੀਆਂ
ਰੋਹੀਆਂ ਵੀ ਨੱਸਣ,
ਮਹਿਕਣ ਸ਼ੌਕ ਕਬਾਬ ਦੇ
ਚੜ੍ਹ ਭੱਖਦੇ ਚੁੱਲ੍ਹੇ
ਮੇਰੇ ਕੰਠ 'ਚ ਨਾਗ ਨੇ
ਵਿਹੁ ਕੇਹੀ ਰਲਾਈ !
ਮਲਕ ਦੇ ਬੂਹੇ ਉਮਰ ਦੇ
ਸਭ ਬੇਲੇ ਫੁੱਲੇ।
ਰੋਹੀਆਂ ਦੇ ਵਿਚ ਅੰਬਰਾਂ
ਦੀ 'ਵਾਜ ਅਨੋਖੀ,
ਨਦੀਆਂ ਦੇ ਵਲ ਪਰਬਤਾਂ
ਦੇ ਰਾਜ਼ ਨੇ ਜੁੱਲੇ।
ਡੁੱਬਦਾ ਸੂਰਜ ਵੇਖਦਾ
ਮਿਰੀ ਪੈੜ ਨਸੀਬਾਂ,
ਕੂੰਜਾਂ ਦੀ ਕਿਲਕਾਰ ਵਿਚ
ਖੰਭ ਬਾਜ਼ ਦੇ ਰੁੱਲੇ।
ਬੋਹੜਾਂ 'ਤੇ ਚੜ੍ਹ ਰੋਂਵਦੇ
ਪ੍ਰਛਾਵੇਂ ਮੇਰੇ,
ਮੰਗੂ ਸਾਹਵੇਂ ਧੁੱਪ ਦਾ
ਔਹ ਬੇਲਾ ਝੁੱਲੇ।
ਰੁੱਖਾਂ ਉੱਤੋਂ ਉੱਡਦੇ
ਮੇਰੀ ਉਮਰ ਦੇ ਹਾਸੇ,
ਛਾਵਾਂ ਹੇਠਾਂ ਊਂਘਦੇ
ਇਹ ਨੈਣ ਬੇ-ਮੁੱਲੇ।
ਖੜੀ ਅੰਬਰਾਂ ਸਾਹਮਣੇ
ਸਭ ਹੇਕਾਂ ਗਈਆਂ,
ਲਹੂ ਯਾਰ ਦਾ ਸੰਞ ਨੂੰ
ਪਲਕਾਂ 'ਤੇ ਡੁੱਲ੍ਹੇ।
ਛੱਡ ਤੁਰਿਆ ਮੋਹ ਜੋਬਨਾਂ
ਇਹ ਰੂਹ ਬਨਬਾਸੀ,
ਸਾਂਦਲ ਬਾਰ ਦੇ ਬ੍ਰਿਛ ਦੀ
ਇਕ 'ਵਾਜ ਨਾਂਹ ਭੁੱਲੇ ।