ਕਮੀਨੀਆਂ ਚਾਲਾਂ ਦੇ ਨਾਲ
ਸ਼ੈਤਾਨੀ ਕੁਦਾਲਾਂ ਦੇ ਨਾਲ
ਉਹ ਟੋਏ ਪੱਟ ਰਹੇ ਨੇ
ਆਪਣੀ ਹਉਂ ਦਾ
ਕੱਦ ਉੱਚਾ ਕਰਨ ਲਈ
ਉਹ ਟੋਏ ਪੱਟ ਰਹੇ ਨੇ
ਉਹ ਟੋਏ ਪੱਟ ਰਹੇ ਨੇ
ਕਿ ਸਿਰ ਚੁੱਕ ਕੇ ਤੁਰਨ ਵਾਲੇ
ਉਹ ਬਰਦਾਸ਼ਤ ਨਹੀਂ ਕਰਦੇ
ਕਿਸੇ ਦੇ ਨੈਣਾਂ ਦੀ ਲਿਸ਼ਕ
ਉਹਨਾਂ ਦੇ ਨੈਣ ਨਹੀਂ ਜਰਦੇ
ਉਹ ਅੱਖਾਂ ’ਚ ਖੂੰਖਾਰ ਲਿਸ਼ਕ ਲਈ
ਟੋਏ ਪੱਟ ਰਹੇ ਨੇ
ਟੋਇਆਂ ’ਚ ਉਹ
ਲੁਭਾਉਣੀਆਂ ਵਸਤਾਂ ਰੱਖਦੇ ਹਨ
ਨਸ਼ਿਆਂ ਦਾ ਪ੍ਰਬੰਧ ਕਰਦੇ ਹਨ
ਸ਼ੁਹਰਤ ਦੇ ਸਤਰੰਗੇ ਮੁਕਟ ਰੱਖਦੇ ਨੇ
ਜਿਹਨਾਂ ’ਤੇ ਲੋਕ ਮਰਦੇ ਨੇ
ਲਾਲਚ ਦੀਆਂ ਅਨੇਕ ਵਸਤਾਂ ਨੇ
ਟੋਇਆਂ ’ਚ ਡਿੱਗਣ ਲਈ
ਉਹ ਮਨੁੱਖ ਦਾ
ਪੂਰਾ ਪ੍ਰਬੰਧ ਕਰਦੇ ਨੇ
ਸ਼ੁਹਰਤ ਦੀ ਲਾਲਸਾ
ਜਾਂ ਨਸ਼ੇ ਦੇ ਮੋਹ ’ਚ
ਸਿੱਕਿਆਂ ਦੀ ਖਣਕਾਰ
ਜਾਂ ਸ਼ੂਕਦੇ ਰੋਹ ’ਚ
ਆਦਮੀ ਜਦੋਂ
ਹਨੇ੍ਹਰੇ ਟੋਏ ’ਚ ਡਿੱਗਦਾ ਹੈ
ਤਾਂ ਉਹ ਬਾਹਰ ਖੜ੍ਹ ਕੇ
ਤਾੜੀਆਂ ਮਾਰਦੇ ਨੇ
ਕਿਲਕਾਰੀਆਂ ਮਾਰਦੇ ਨੇ
ਤੇ ਕਮੀਨਾ ਹਾਸਾ ਹੱਸਦੇ ਨੇ
ਉਹ ਟੋਏ ਪੱਟਦੇ ਨੇ
ਇਹਨਾਂ ਟੋਇਆਂ ’ਚ ਉਹ
ਪਰੰਪਰਾ ਨੂੰ ਡੇਗਦੇ ਹਨ
ਵਰਤਮਾਨ ਨੂੰ ਸਿੱਟਦੇ ਹਨ
ਭਵਿੱਖ ਨੂੰ ਧਕੇਲਦੇ ਹਨ
ਆਪਣਾ ਕੱਦ ਉੱਚਾ ਕਰਨ ਲਈ
ਉਹ ਕਿਸ ਕਿਸ ਤਰਾਂ ਦੇ
ਪਾਪੜ ਵੇਲਦੇ ਹਨ
ਕਮੀਨੀਆਂ ਚਾਲਾਂ ਦੇ ਨਾਲ
ਸ਼ੈਤਾਨੀ ਕੁਦਾਲਾਂ ਦੇ ਨਾਲ
ਉਹ ਟੋਏ ਪੱਟ ਰਹੇ ਹਨ
ਤੇ ਲੋਕ ਹਨ-
ਕਿ ਟੋਇਆਂ ’ਚ ਡਿੱਗ ਰਹੇ ਨੇ।