ਸਾਰੀ ਉਮਰੇ ਪੱਬਾ ਭਾਰ ਰਹੇ ਹਾਂ।
ਫਿਰ ਵੀ ਬੇਇਤਬਾਰ ਰਹੇ ਹਾਂ।
ਦਿਨ ਦੇ ਮਹਿਲੀ ਕੰਮ ਕਰਕੇ
ਮੁੱਲ ਰਾਤਾਂ ਦਾ ਤਾਰ ਰਹੇ ਹਾਂ।
ਘਸ ਘਸ ਜਾਂਦੇ ਪੋਟੇ ਅਸਾਡੇ
ਜੁਲਫ ਤੇਰੀ ਸਵਾਰ ਰਹੇ ਹਾਂ।
ਸਿਰ ਤੇ ਚੱਕ ਵਕਤ ਨਿਮਾਣਾ,
ਯਾਰ ਦੇ ਬੂਹੇ ਸ਼ਿੰਗਾਰ ਰਹੇ ਹਾਂ।
ਜਿੱਤ ਜਿੱਤ ਮੈਂ ਹਾਰਾਂ ਜੋੜੀਆਂ,
ਕੀ ਕੁਝ ਨਹੀਂ ਜੋ ਹਾਰ ਰਹੇ ਹਾਂ।
ਮੌਤ ਨੂੰ ਲਾ ਲਾ ਲਾਰੇ ਲੱਖਾਂ,
ਜਿੰਦਗੀ ਕਰ ਮੁਟਿਆਰ ਰਹੇ ਹਾਂ।
ਪਸ਼ੂਆਂ ਤੋਂ ਵੀ ਬੁਰੇ ਹਾ ਸਾਦਿਕ
ਕੱਪੜੇ ਸਣੇ ਜੁ ਸ਼ਰਮਸਾਰ ਰਹੇ ਹਾਂ।