ਤ੍ਰਭਕ ਪੈਂਦਾ ਹਾਂ ਜ਼ਰੂਰ

ਤ੍ਰਭਕ ਪੈਂਦਾ ਹਾਂ ਜ਼ਰੂਰ,

ਭਾਵੇਂ ਗੁਨਾਹਗਾਰ ਨਹੀਂ

ਕਿਸੇ ਕਾਤਿਲ ਦੇ ਰਸਤੇ 'ਚ ਜਿਵੇਂ

ਵਿਛ ਜਾਂਦੇ ਨੇ ਅਚਨਚੇਤ ਅੰਗਾਰ;

ਡੰਗ ਬਣ ਜਾਂਦੇ ਨੇ ਉਸਦੇ ਸੁਪਨ; 

ਸਹਿਮਦਾ ਹੈ--

ਮੇਰੇ ਘਾਤਕ ਪੋਟਿਆਂ ਦੇ ਜਮੂਰ ਵਿਚ 

ਲਟਕਦੇ ਆਦਮ ਦਾ ਪਰਛਾਵਾਂ ਕਿਤੇ

ਖੁਭ ਗਿਆ ਹੋਵੇ ਨ ਦੀਵਾਰ ਦੇ ਸੀਨੇ 'ਚ ਹਮੇਸ਼ ਲਈ; 

ਡੂੰਘੇ ਦਫਨਾਏ ਹੋਏ ਲਾਸ਼ੇ 'ਚ

ਅੰਗੜਾਈ ਕੋਈ ਬਾਕੀ ਨਾ ਹੋਏ;

ਕਬਰ ਉਗਲੱਛ ਨ ਦਵੇ ਮੇਰਾ ਕਸੂਰ । 

ਤ੍ਰਭਕ ਪੈਂਦਾ ਹਾਂ ਜ਼ਰੂਰ ।

ਇਹ ਕਿਹੜੀ ਪੀੜ ਚੋਂ ਉਗਮੀ ਹੈ ਕਰੂਮਲ ਵਿਹੁ ਦੀ ? 

ਇਹ ਕਿਹੜੀ ਤਲਖ਼ੀ ਦੇ ਘੁਟ ਭਰ ਕੇ ਹਵਾ ਆਈ ਏ ? 

ਸਵਾਸ ਲੈਂਦਾ ਹਾਂ ਕਿ ਲਖ ਚੀਸ ਦੇ ਘੁਟ ਭਰਦਾ ਹਾਂ ! 

ਮੈਂ ਤਾਂ ਤੁਰਿਆ ਸਾਂ ਮਹਾ-ਹੁਸਨ ਬਲਾਉਂਦੈ ਮੈਨੂੰ 

ਪਰ ਤੇਰੇ ਰਾਹ 'ਚ ਦੇਖੀ

ਹਿਸਦੀ ਉਮਰ, ਰਿਸਦੀ ਨਜ਼ਰ;

ਹਰ ਘੜੀ ਰੂਹ ਚੋਂ ਕੁਝ ਰੰਗ ਖੁਰੀ ਜਾਂਦੇ ਨੇ 

ਲੋਕ ਨੇ ਫੇਰ ਵੀ ਬੇਖ਼ਬਰ ਤੁਰੀ ਜਾਂਦੇ ਨੇ ; 

ਕਿਉਂ ਮੇਰੇ ਅੰਗਾਂ 'ਚ ਕਸ,

ਪੋਟੇ ਵਲਿੱਸਦੇ ਮੇਰੇ ?

ਇਹ ਕਿਹੜੇ ਵੈਰੀ ਨੂੰ ਪਲ ਪਲ ਤੇ ਕਤਲ ਕਰਦਾ ਹਾਂ ? 

ਸਵਾਸ ਲੈਂਦਾ ਹਾਂ ਕਿ ਲਖ ਚੀਸ ਦੇ ਘੁਟ ਭਰਦਾ ਹਾਂ 

ਜੁਰਮ ਦੇ ਲਾਵੇ 'ਚੋਂ ਲੰਘਣਾ

ਕੀ ਹੈ ਇਸ਼ਕ ਦਾ ਦਸਤੂਰ ?

ਤ੍ਰਭਕ ਉਠਦਾ ਹਾਂ ਜ਼ਰੂਰ, 

ਭਾਵੇਂ ਗੁਨਾਹਗਾਰ ਨਹੀਂ ।

📝 ਸੋਧ ਲਈ ਭੇਜੋ