ਤ੍ਰੀਮਤਾਂ

ਜਾਪਦਾ ਖ਼ੁਦ ਨਹੀਂ ਸੌਂਦੀਆਂ

ਸਿਰਫ਼ ਰਾਤ ਨੂੰ ਸਵਾਉਂਦੀਆਂ ਨੇ

ਉਹ ਅੱਧਸੁੱਤੀਆਂ ਸੁਤਉਨੀਂਦੀਆਂ ਹੀ ਰਹਿੰਦੀਆਂ ਨੇ

ਸਵੇਰੇ ਕੀਤੇ ਜਾਣ ਵਾਲ਼ੇ  ਕੰਮਾਂ ਦੀ

ਲੰਮੇਰੀ ਲਿਸਟ ਦੇ ਸੁਪਨਿਆਂ ਨਾਲ਼

ਜਾਗੋ-ਮੀਟੀ ਵਿੱਚ ਹੀ ਰਾਤ ਕੱਟ ਲੈਂਦੀਆਂ ਨੇ

ਤੇ ਮੂੰਹ ਝਾਖਰੇ ਫਿਰ ਉੱਠ ਬਹਿੰਦੀਆਂ ਨੇ

ਲਗਦਾ ਤ੍ਰੀਮਤਾਂ

ਹਰ

ਪਲ

ਘੜੀ

ਪਹਿਰ

ਅੱਠੋ ਪਹਿਰ

ਚੱਤੋ ਪਹਿਰ

ਚਲੋਚਾਲ ਕਰਮ ਵਿੱਚ ਰਹਿੰਦੀਆਂ

ਅੰਮ੍ਰਿਤ ਵੇਲ਼ੇ ਸੂਰਜ ਨੂੰ ਸਰਘੀ ਦੇ ਪੰਘੂੜੇ 'ਚੋਂ ਉਠਾਉਂਦੀਆਂ

ਰਹਿਰਾਸ ਵੇਲ਼ੇ ਉਸਨੂੰ ਪੱਛਮ ਦਾ ਲੇਫ਼ ਦੇ ਸਵਾਉਂਦੀਆਂ

ਰਾਤੀਂ ਦੇਰ ਤੱਕ ਰਾਤ ਨੂੰ ਜਗਾਈ ਰੱਖਦੀਆਂ

ਸੌਂ ਕੇ ਵੀ ਖ਼ੁਦ ਨੂੰ ਕਰਮ ‘ਚ ਪਾਈ ਰੱਖਦੀਆਂ

ਇਹ ਤ੍ਰੀਮਤਾਂ

 

📝 ਸੋਧ ਲਈ ਭੇਜੋ