ਤ੍ਰਿੰਞਣ-ਜੱਗ

ਇਕ ਚਰਖਾ ਵੱਗੇ ਕਾਠ ਦਾ ਮੇਰੇ ਅੰਗਣ ਦੇ ਵਿਚਕਾਰ 

ਜਿਦੀ ਘੂਕਰ ਦੇ ਸੰਗ ਖੇਡਦੀ ਮੇਰੀ ਵੰਗਾਂ ਦੀ ਛਣਕਾਰ। 

ਮੇਰਾ ਇਕ ਗੋਰਾ ਹੱਥ ਏਸ ਨੂੰ ਹੈ ਗੇੜਨ ਦੇ ਵਿਚ ਲੀਨ, 

ਅਤੇ ਸੁਹਲ ਪਤਲੀਆਂ ਉਂਗਲਾਂ ਤੰਦ ਲੰਮੀ ਧੂਣ ਮਹੀਨ 

ਇਕ ਮੁੱਢਾ ਪਏ ਤਰੱਕਲੇ, ਪਏ ਛਿੱਕੂ ਦੇ ਵਿਚ ਦੋ।

ਇਕ ਚਰਖਾ ਮੇਰੇ ਬੁੱਤ ਦਾ, ਜਿਦੀ ਸੱਜਰੀ ਛੱਬ ਨੁਹਾਰ 

ਮੇਰਾ ਢੋਲਣ ਇਸ ਨੂੰ ਗੇੜਦਾ ਨੈਣਾਂ ਵਿਚ ਸੁਰਗ ਉਤਾਰ। 

ਤੰਦ ਪੱਕੀ ਪ੍ਰੀਤ ਤਰੱਕਲੇ ਮੇਰੀ ਅਜ ਹਰਿਆਵਲ ਕੁੱਖ, 

ਮੈਂ ਲਖ ਲਖ ਸ਼ਗਨ ਮਨਾਵਸਾਂ ਪਈ ਸੌ ਸੌ ਸੁੱਖਾਂ ਸੁੱਖ, 

ਜਦ ਗੋਦੀ ਦੇ ਵਿਚ ਖੇਡਸੀ ਮੇਰੀ ਆਂਦਰ ਦੀ ਖ਼ਸ਼ਬੋ।

ਇਕ ਚਰਖਾ ਵੱਗੇ ਸਮੇਂ ਦਾ ਜਿਦੀ ਹੱਥੀ ਮਿਹਨਤ ਹੱਥ, 

ਥੁੜ ਕੰਬੇ ਇਸ ਦੀ ਘੂਕ ਤੋਂ ਇਹਦੀ ਮਹਿੰਮਾਂ ਅੱਤ ਅਕੱਥ 

ਇਹ ਪਲ ਪਲ ਕੱਤੀ ਜਾ ਰਿਹਾ ਅਜ ਨਵੇਂ ਯੁਗਾਂ ਦਾ ਸੁੱਖ, 

ਅਜ ਪੀੜ ਪਰਾਹੁਣੀ ਪਲਾਂ ਦੀ ਪਈ ਓਟਾਂ ਟੋਲੇ ਭੁੱਖ। 

ਅਜ ਆਪਣੇ ਰਾਖਿਆਂ ਨਾਲ ਵੀ ਹੈ ਕਾਲ ਕਮਾਉਂਦਾ ਧ੍ਰੋਹ

ਸੁਖ ਮੰਗਾਂ ਤ੍ਰਿੰਞਣ-ਜੱਗ ਦੀ ਇਹਨੂੰ ਘੂਰਣ ਵਾਲਾ ਕੌਣ 

ਧਰਤੀ ਦੇ ਵਿਹੜੇ ਬਰਕਤਾਂ ਇਉਂ ਜੁੱਗੋ ਜੁਗ ਸਹੌਣ

ਪਲ ਪਲ ਇਹ ਪਲਮਣ ਰੌਣਕਾਂ ਹੁਣ ਦੂਣ ਸੁਵਾਈਆਂ ਹੋਣ।

📝 ਸੋਧ ਲਈ ਭੇਜੋ