ਹਰ ਇੱਕ ਵਿੱਚ ਤੂੰ ਹੀ ਹੈਂ, ਇੱਥੇ ਤੂੰ ਹੀ, ਉੱਥੇ ਤੂੰ ਹੀ।
ਹਰ ਰੰਗ ਵਿੱਚ ਤੂੰ ਵਸਦਾ, ਜੁਦਾ ਤੂੰ ਹੀ, ਕੱਠੇ ਤੂੰ ਹੀ॥
ਇਹ ਪਹੁ ਜੋ ਫੁੱਟਦੀ ਹੈ, ਇਹ ਰਾਤ ਹਨੇਰੀ ਜੋ ।
ਸਭ ਤੇਰੇ ਕਰਕੇ ਹੈ, ਚੜੇਂ ਤੂੰ ਹੀ, ਲਹੇਂ ਤੂੰ ਹੀ॥
ਇਹ ਜੀਵਨ ਚੱਕਰ ਵੀ, ਇੱਕ ਖੇਡ ਤੇਰੀ ਯਾਰਾ ।
ਸਭ ਉਪਜਿਆ ਤੇਰੇ ਤੋਂ, ਮਾਰੇਂ ਤੂੰ ਹੀ, ਰੱਖੇਂ ਤੂੰ ਹੀ॥
ਤੂੰ ਆਪ ਚੜਾ ਦੇਵੇਂ, ਤੇ ਆਪ ਉਤਾਰਦਾ ਹੈਂ ।
ਜਦ ਜ਼ੁਲਮ ਦੀ ਗੱਲ ਹੋਵੇ, ਉੱਠੇਂ ਤੂੰ ਹੀ, ਸਹੇਂ ਤੂੰ ਹੀ॥
ਤੂੰ ਸੁੰਨ ਸਮਾਧੀ ਹੈਂ, ਤੂੰ ਸ਼ੋਰ ਸ਼ਰਾਬਾ ਵੀ।
ਮੌਨ ਧਾਰ ਬੈਠਦਾ ਹੈਂ, ਕੰਨ ਫਾੜ ਕਹੇਂ ਤੂੰ ਹੀ॥
ਤੂੰ ਤਾਨ ਰਬਾਬਾਂ ਦੀ, ਬਣ ਤੇਗ ਕਿਤੇ ਖੜਕੇਂ।
ਬਿਰਹੋਂ ਦਾ ਰੁਦਨ ਵੀ ਤੂੰ, ਵਸਲਾਂ 'ਚ ਹੱਸੇਂ ਤੂੰ ਹੀ॥
ਔਕਾਤ ਨਹੀ ਅੱਖ ਦੀ, "ਮੰਡੇਰ" ਤੈਨੂੰ ਦੇਖ ਲਵੇ।
ਮੁੱਦਤਾਂ ਤੋਂ ਯਾਰਾ ਵੇ, ਮੇਰੇ ਵਿੱਚ ਵਸੇਂ ਤੂੰ ਹੀ॥