ਤੂੰ ਅੱਖ ਖੋਲ੍ਹੀ
ਤਾਂ ਸਰਘੀ ਨੇ ਰੰਗ ਖਿਲਾਰਿਆ
ਸੂਰਜ ਜਾਗਿਆ
ਤੇਰੀ ਚੁੰਨੀ ਦੇ ਸਿਤਾਰਿਆਂ ਤੋਂ
ਰਿਸ਼ਮਾਂ ਲੱਭਦਾ ਫਿਰੇ
ਤੂੰ ਬੁੱਲ ਖੋਲ੍ਹੇ
ਤਾਂ ਪੰਛੀਆਂ ਨੂੰ ਗੀਤ ਲੱਭੇ
ਤੂੰ ਪੱਬ ਚੁੱਕਿਆ
ਤਾਂ ਨਦੀ ਨੇ ਟੁਰਨਾ ਸਿੱਖਿਆ
ਤੇਰੀ ਤੋਰ ਤੋਂ
ਤੂੰ ਮੁਸਕਰਾਈ
ਤਾਂ ਸਵੇਰ ਸਜੀ
ਹੱਸੀ ਤਾਂ ਦੁਪਹਿਰ ਖਿੜੀ
ਤੇਰਾ ਮੁੱਖ ਦੇਖ ਕੇ
ਦਿਨਾਂ ਨੂੰ ਉਮਰਾਂ ਲੱਗਣ
ਗੀਤ ਗਾਵੇਂ
ਤਾਂ ਰੁੱਤਾਂ ਮੌਲਣ
ਨਜ਼ਰਾਂ ਘੁੰਮਾਵੇ
ਤਾਂ ਤਪੀਸਰਾਂ ਦੇ ਤਪ ਟੁੱਟਣ
ਦੁਪੱਟਾ ਲਹਿਰਾਵੇ
ਤਾਂ ਬਹਾਰ ਦਾ ਮੌਸਮ ਆਵੇ
ਗੱਭਰੂਆਂ ਦੀਆਂ ਨੀਂਦਾਂ ਗੁਆਚਣ