ਤੂੰ ਬੜੀ ਮਾਸੂਮ ਏਂ

ਤੂੰ ਬੜੀ ਮਾਸੂਮ ਏਂ 

ਜੇ ਮੈਂ ਕਦੇ ਜਾਬਰ ਬਣਾਂ

ਛਾਂਟਿਆਂ ਨਾਲ ਠੇਕ ਦਾਂ ਤੇਰਾ ਬਦਨ 

ਨੈਣ ਤੇਰੇ ਇਸ ਤਰ੍ਹਾਂ ਨਹੁੰਦਰ ਦਿਆਂ

ਮੇਰੀਆਂ ਅੱਖੀਆਂ ਦੇ ਵਿਚ ਤੂੰ ਢੂੰਡ ਨਾ ਸੱਕੇਂ ਹੁਸਨ 

ਖੋਹ ਲਵਾਂ ਵਿਸ਼ਵਾਸ ਤੇਰਾ, ਲੁਟ ਲਵਾਂ ਮਨ ਦਾ ਅਮਨ 

ਤੂੰ ਕੀ ਜਾਣੇ ਖ਼ਤਰਿਆਂ ਭਰਿਆ ਹੈ ਤੇਰਾ ਭੋਲਪਨ 

ਤੂੰ ਬੜੀ ਮਾਸੂਮ ਏਂ

ਰੋਜ਼ ਜਦ ਮੁੜਦਾ ਹਾਂ ਘਰ

ਵਾਹ ਕੇ ਰੋਜ਼ੀ ਦਾ ਵਦਾਣ

ਸੜ ਚੁਕੇ ਹੁੰਦੇ ਨੇ ਪੱਛਮ ਵਿਚ ਮਸਾਣ

ਲਗ ਚੁਕੇ ਹੁੰਦੇ ਨੇ ਹਿੱਕ ਅਸਮਾਨ ਦੀ 

ਤਾਰਿਆਂ ਦੇ ਅਗਨ-ਬਾਣ

ਵਰਤ ਚੁਕਦੀ ਚੁਫੇਰ ਮੌਤ ਵਰਗੀ ਚੁੱਪ ਚਾਣ 

ਗ਼ਸ਼ ਜਹੀ ਵਿਚ ਘੂਕ ਸੌਂ ਚੁੱਕਾ ਹੁੰਦਾ ਕੁਲ ਜਹਾਨ

ਉਸ ਸਮੇਂ ਮੁੜਦਾ ਹਾਂ ਘਰ

ਏਸ ਵੀਰਾਨੇ 'ਚ ਮੈਂ

ਅਪਣੇ ਦਿਲ-ਵੀਰਾਨ ਵਰਗਾ

ਲਿਤੜ ਕੇ ਰਾਹ-ਬੀਆਬਾਨ;

ਗੂੜ੍ਹ ਰਾਤੀਂ

ਅੱਖੀਆਂ ਦੇ ਵਿਚ ਕੋਈ ਪਾਕੇ ਨੈਣ

ਵੇਖ ਲਏ ਅੱਖ 'ਚ ਉਹ ਪਾਣੀ ਨਹੀਂ

ਨਕਸ਼ ਵਿਚ ਨਹੀਂ ਜ਼ਿੰਦਗੀ,

ਪੁੱਛ ਬੈਠੇ ਕੋਈ

ਹੁਸਨ ਨੇ ਕੀਕਣ ਝਰੀਟਾਂ ਕਰ ਲਈਆਂ ?

ਜ਼ਿੰਦਗੀ ਤੋਂ ਜ਼ਿੰਦਗੀ ਦਾ ਇਸ਼ਕ ਕਿਸ ਨੇ ਖੋਹ ਲਿਆ ?

ਮਰ ਜਾਵਾਂਗਾ ਸ਼ਰਮ ਨਾਲ,

ਇਹ ਜਰ ਸੱਕਾਂਗਾ ਮੈਂ; 

ਬਹੁਤ ਜਰ ਜਾਂਦਾ ਹਾਂ ਬੇਸ਼ਕ

ਫਿਰ ਵੀ ਬਗ਼ੈਰਤ ਨਹੀਂ

ਇਸ ਲਈ

ਰੋਜ਼ ਜਦ ਮੁੜਦਾ ਹਾਂ ਘਰ

ਸੜ ਚੁਕੇ ਹੁੰਦੇ ਨੇ ਪੱਛਮ ਵਿਚ ਮਸਾਨ

ਲਗ ਚੁਕੇ ਹੁੰਦੇ ਨੇ ਹਿਕ ਅਸਮਾਨ ਦੀ 

ਤਾਰਿਆਂ ਦੇ ਅਗਨ-ਬਾਣ

ਗ਼ਸ਼ ਜਹੀ ਵਿਚ ਘੂਕ ਸੌਂ ਚੁੱਕਦਾ ਭਾਵੇਂ ਕੁਲ ਜਹਾਨ, 

ਫਿਰ ਵੀ ਤੂੰ ਸੌਂਦੀ ਨਹੀਂ

ਨੈਣ ਵਿਚ ਭਰ ਇੰਤਜ਼ਾਰ,

ਮੇਰੀ ਬਦਬਖ਼ਤੀ ਹੈ ਇਹ 

ਇੰਤਜ਼ਾਰ

ਕਿਉਂ ਭਰੀ ਜਾਂਦੀ ਹੈ ਦਿਨ ਦਿਨ

ਤੇਰੇ ਨੈਣਾਂ ਵਿਚ ਸ਼ਿੰਗਾਰ ?

ਕਿਉਂ ਕਰੀ ਜਾਂਦੀ ਹੈ ਦਿਨ ਦਿਨ

ਤੇਰੇ ਨਕਸ਼ਾਂ ਨੂੰ ਹਸੀਨ ?

ਤੂੰ ਬੜੀ ਮਾਸੂਮ ਏਂ,

ਤੂੰ ਕੀ ਜਾਣੇ ਇੰਤਜ਼ਾਰ

ਮੁੜ ਮਘਾ ਦੇਂਦੀ ਮੇਰੇ ਬੁਝ ਰਹੇ ਦਿਲ ਦੇ ਅੰਗਾਰ; 

ਫਿਰ ਇਹੋ ਆਉਂਦਾ ਦਿਲ ਵਿਚ 

ਮੈਂ ਤੇਰਾ ਆਸ਼ਿਕ ਬਣਾਂ,

ਤੇਰੀਆਂ ਮੈਂ ਸੁਹਣੀਆਂ ਅੱਖੀਆਂ ਦੇ ਮੁੜ ਕਾਬਿਲ ਬਣਾਂ, 

ਫਿਰ ਭਰਮ ਜਾਂਦਾ ਹਾਂ ਮੈਂ,

ਫਿਰ ਸਮਝਦਾ ਹਾਂ ਮੇਰਾ ਕੰਮ ਹੈ ਪਿਆਰ,

ਇਸ਼ਕ ਨੂੰ ਮੁੜ ਕੇ ਸਮਝ ਬਹਿੰਦਾ ਹਾਂ ਸਚ

ਇਸ਼ਕ ਅਸਲੀਅਤ ਨਹੀਂ;

ਅਸਲ ਹੈ ਪਿੰਡੇ ਦੀ ਖੋਹ,

ਅਸਲ ਹੈ ਢਿਡ ਦਾ ਤਨੂਰ

ਜਿਸ ਲਈ ਪਿੰਡਾ ਜਰੇ ਚਾਂਦੀ ਦੀ ਲਾਸ

ਜਿਸ ਲਈ ਆਪੇ ਹੀ ਸਿਖ ਜਾਵੇ ਜ਼ਬਾਨ "ਜੀ ਹਜ਼ੂਰ"।

ਅਸਲ ਨਹੀਂ ਸੀਨੇ 'ਚ ਸ਼ੌਕ, ਉੱਨਤ ਨਜ਼ਰ,

ਅਸਲ ਹੈ ਮੁਰਦਾ ਜ਼ਮੀਰ, ਨੀਵੀਂ ਨਜ਼ਰ।

ਤੈਨੂੰ ਸਹੁੰ ਪਿੰਡੇ ਦੀ ਖੋਹ ਦੀ,

ਇਸ ਤਰ੍ਹਾਂ ਕੀਤਾ ਕਰ ਤੂੰ ਇੰਤਜ਼ਾਰ,

ਅਸਲ ਨਹੀਂ ਜਗ ਵਿਚ ਪਿਆਰ

ਕਿਉਂ ਜਗਾ ਰਖਦੀ ਏਂ ਦੀਵਾ ਡਾਟ ਤੇ ?

ਮੈਂ ਕੋਈ ਬੱਚਾ ਨਹੀਂ,

ਭੁਲ ਨਹੀਂ ਸਕਦਾ ਮੈਂ ਰਾਹ,

ਮੈਨੂੰ ਲੋਅ ਦੀ ਲੋੜ ਨਹੀਂ;

ਕਿਸ ਲਈ ਮੇਰਾ ਸੁਆਗਤ ਰੋਜ਼ ਰੋਜ਼ ?

ਕਿਉਂ ਮੈਨੂੰ ਚੇਤਾ ਕਰਾਏਂ ਰੋਜ਼ ਰੋਜ਼

ਮੈਂ ਹਾਂ ਮਹਾਨ ?

ਕਿਸ ਲਈ ਆਤਸ਼ ਫ਼ਿਸ਼ਾਂ ਦਾ ਇਹ ਸਮਾਨ

ਨੀ ਭੋਲੀਏ,

ਸੜ ਜਾਊ ਇਹ ਆਲ੍ਹਣਾ,

ਉਜੜ ਜਾਏਗਾ ਤੇਰਾ ਵਸਦਾ ਜਹਾਨ, 

ਜਰ ਨਹੀਂ ਸਕਣੀ ਤੂੰ ਬਿਜਲੀ ਕਹਿਰ ਦੀ, 

ਰਬ ਨੂੰ ਹੈ ਮਨਜ਼ੂਰ ਕਿ ਸੰਸਾਰ ਵਿਚ 

ਕੋਈ ਨਾ ਹੋਵੇ ਮਹਾਨ

ਇਸ ਲਈ

ਮੇਰੇ ਆਵਣ ਤੋਂ ਬਹੁਤ ਪਹਿਲੇ ਬੁਝਾ ਦੇ ਦੀਵਟਾਂ 

ਲਾ ਕੇ ਪੱਛੀ ਇੰਤਜ਼ਾਰ

ਮੀਟ ਕੇ ਅੱਖੀਆਂ ਹਸੀਨ,

ਸਾਂਭ ਕੇ ਦਿਲ ਵਿਚ ਯਕੀਨ,

ਸੌਂ ਜਾਇਆ ਕਰ ਜਿਸ ਤਰ੍ਹਾਂ ਸੌਂਦਾ ਹੈ

ਗ਼ਸ਼ ਖਾ ਕੇ ਜਹਾਨ

ਮੈਂ ਨਹੀਂ ਚਾਹੁੰਦਾ ਤੂੰ ਕੱਢੇਂ

ਮੇਰੀ ਹਿਕ 'ਚੋਂ ਅਗਨ-ਬਾਣ,

ਮੈਂ ਨਹੀਂ ਚਾਹੁੰਦਾ ਤੂੰ ਵੇਖੇਂ ਮੇਰੇ ਨੈਣਾਂ ਵਿਚ ਮਸਾਣ,

ਨੀਵੀਂ ਨਜ਼ਰ, ਮੁਰਦਾ ਜ਼ਮੀਰ,

ਪਿੰਡੇ ਤੇ ਲਾਸ

📝 ਸੋਧ ਲਈ ਭੇਜੋ