ਤੂੰ ਬੋਲ ਕੋਈ ਬੋਲ, ਨਵਾਂ ਚਾਹੇ ਪੁਰਾਣਾਂ।
ਇਸ ਪਿੱਛੋਂ ਚਲਾ ਤੂੰ ਜਾਵੀਂ ਤੇ ਮੈਂ ਵੀ ਹੈ ਜਾਣਾ।
ਜਿਸਨੂੰ ਹੈ ਕਿਸੇ ਪੜ੍ਹਨਾ, ਕਿਸੇ ਹੋਰ ਨੇ ਗਾਣਾ,
ਬਣ ਜਾਏਂਗਾ ਫਿਰ ਤੂੰ ਵੀ ਤਾਂ ਇਕ ਕਿੱਸਾ ਪੁਰਾਣਾ।
ਸੰਨਾਟੇ 'ਚ ਲਲਕਾਰਾ ਹੀ ਚੱਲ ਮਾਰੀਏ ਰਲ਼ ਕੇ,
ਸ਼ਰਮਿੰਦਾ ਨਾ ‘ਸ਼ਾਹ ਬੁੱਲ੍ਹੇ ਦਾ ਹੋ ਜਾਏ ਘਰਾਣਾ।
ਇਸ ਹੇਠਾਂ ਹੈ ਰਾਹ ਵਗਦਾ ਅਤੇ ਰਾਹੀ ਨੇ ਲੰਘਦੇ,
ਤੂੰ ਭੁੱਲ ਗਿਐਂ ਦੀਪ ਕਿਉਂ ਛੱਤ ਤੇ ਜਗਾਣਾ।
ਚੰਨ ਦੀ ਤਰ੍ਹਾਂ ਮੇਰਾ ਵੀ ਤਾਂ ਦਿਲ ਹੈ ਭਟਕਦਾ,
ਨਾ ਇਸਦਾ ਕਿਤੇ ਹੈ, ਨਾ ਹੈ ਮੇਰਾ ਠਿਕਾਣਾ।
ਤੂੰ ਬਦਲ ਕੈਲੰਡਰ ਨੂੰ ਮਗਰ ਯਾਦ ਇਹ ਰੱਖੀਂ,
ਹੈ ਔਖਾ ਬੜਾ ਹੁੰਦਾ, ਗਿਆ ਵਕਤ ਭੁਲਾਣਾ।
ਤਨਹਾਈ! ਤਿਰੇ ਨਾਲ ਮੁਲਾਕਾਤ ਕੀ ਹੋਈ,
ਛਡ ਦਿੱਤਾ ਹੈ ਮੈਂ ਯਾਰਾਂ ਨੂੰ ਵੀ ਮਿਲਣਾ-ਮਿਲਾਣਾ।
ਇਸ ਇਸ਼ਕ 'ਚ ‘ਅਜਮੇਰ’ ਨਵੀਂ ਗੱਲ ਹੈ ਕਿਹੜੀ?
ਖ਼ੁਦ ਆਪਣੇ ਨਾ’ ਰੁੱਸਣਾ ਹੈ, ਖ਼ੁਦ ਆਪ ਮਨਾਣਾ।