ਤੂੰ ਦਰਿਆ ਹੈਂ, ਮੈਂ ਰੇਤਾ ਹਾਂ

ਤੂੰ ਦਰਿਆ ਹੈਂ, ਮੈਂ ਰੇਤਾ ਹਾਂ, ਕੁਝ ਪਲ਼ ਸਾਡੀ ਸੁਹਬਤ ਹੈ। 

ਰੁਕਣਾ ਹੈ ਮਜਬੂਰੀ ਮੇਰੀ, ਚੱਲਣਾ ਤੇਰੀ ਫ਼ਿਤਰਤ ਹੈ। 

ਇਨਸਾਨਾਂ ਦੀ ਬਸਤੀ ਅੰਦਰ, ਇਨਸਾਨਾਂ ਦੀ ਦਹਿਸ਼ਤ ਹੈ, 

ਇਹ ਤਾਂ ਫੁੱਲ ਵੀ ਖਾ ਜਾਂਦੇ ਨੇ, ਤੋਬਾ! ਕੈਸੀ ਵਹਿਸ਼ਤ ਹੈ!

ਮੈਂ ਬੇਜਾਨ ਜਿਹਾ ਇੱਕ ਬੁੱਤ ਸਾਂ, ਤੂੰ ਹੀ ਦਿਤੇ ਸਾਹ ਤੇ ਧੜਕਣ, 

ਤੇਰੇ ਕਰਕੇ ਹੋਂਦ ਹੈ ਮੇਰੀ, ਤੇਰੇ ਕਰਕੇ ਸ਼ੁਹਰਤ ਹੈ। 

ਮੁੜ ਮੁੜ ਤੇਰੇ ਚੱਕਰ ਕੱਟਾਂ, ਕਰਦੀ ਹਾਂ ਤੇਰੀ ਪਰਿਕਰਮਾ, 

ਤੂੰ ਸੂਰਜ ਮੈਂ ਧਰਤੀ ਤੇਰੀ, ਦੂਰੀ ਅਪਣੀ ਕਿਸਮਤ ਹੈ। 

ਪੇ੍ਮ ਦੇ ਵਿੱਚ ਹੈ ਐਸੀ ਗਰਮੀ, ਪੱਥਰਾਂ ਨੂੰ ਪਿਘਲਾ ਦੇਵੇ, 

ਪੱਥਰ ਦਿਲ ਕਿਓਂ  ਮੋਮ ਹੁੰਦੇ? ਇਸ ਵਿੱਚ ਉੱਚ ਹਰਾਰਤ ਹੈ। 

ਉਂਝ ਤਾਂ ਗੁਰਬਤ ਪੇਟ ਦੀ ਅੱਗ ਹੈ, ਪਾਟੇ ਲੀੜੇ ਬੱਚੀਆਂ ਦੇ, 

ਐਪਰ  ਸਭਨਾਂ ਤੋਂ ਭੈੜੀ ਜੋ,  ਉਹ  ਚਿੰਤਨ ਦੀ ਗੁਰਬਤ ਹੈ। 

ਅੰਨੵੀ ਰਈਅਤ ਗਿਆਨ  ਵਿਹੂਣੀ, ਭਾਹ ਭਰੇ ਮੁਰਦਾਰਾਂ ਵਾਂਗ, 

ਨਾਨਕ  ਦੇ ਵੇਲੇ ਸੀ ਜੈਸੀ , ਹੁਣ ਵੀ ਵੈਸੀ ਰੱਈਅਤ  ਹੈ। 

'ਸਿਦਕ' ਓਵੇਂ ਤਾਂ ਹਰ ਸ਼ਿਅਰ  ਹੀ, ਜਾਨ ਤੋਂ ਵੱਧ ਪਿਆਰਾ ਹੈ, 

ਏਸ ਗ਼ਜ਼ਲ ਵਿੱਚ ਮੇਰੀ ਅਸਮਤ, ਵਕਤ ਦੀ ਇਸ ਵਿੱਚ ਅਜ਼ਮਤ ਹੈ।

📝 ਸੋਧ ਲਈ ਭੇਜੋ