ਕੋਈ ਸਮਝੇ ਜਾਂ ਨ ਸਮਝੇ

ਕੋਈ ਜਾਣੇ ਜਾਂ ਨ ਜਾਣੇ,

ਤੂੰ ਗਾਈ ਜਾ ।

ਤੇਰੇ ਨੈਣਾਂ 'ਚ ਸਾਵਣ ਹੈ,

ਤੇਰੀ ਹਿੱਕੜੀ ਜਵਾਲਾ ਹੈ,

ਇਹ ਅੱਗ ਨਾ ਬੁੱਝਣ ਵਾਲੀ ਹੈ,

ਇਹ ਗ਼ਮ ਨਾ ਮਿਟਣ ਵਾਲਾ ਹੈ ।

ਤੂੰ ਆਹਾਂ ਭਰਨ ਦੇ ਐ ਦਿਲ !

ਤੂੰ ਜਲਦਾ ਜਾ ਜਲਾਈ ਜਾ ।

ਤੂੰ ਗਾਈ ਜਾ ।

ਇਹ ਗ਼ਮ ਡੁੱਲ੍ਹਦਾ ਹੀ ਚੰਗਾ ਹੈ,

ਇਹਨੂੰ ਗੀਤਾਂ 'ਚੋਂ ਡੋਲ੍ਹੀ ਜਾ;

ਸਿਤਾਰੇ ਸੁਣਨ ਆਏ ਨੇ,

ਤੂੰ ਆਪਣੀ ਪੀੜ ਫੋਲੀ ਜਾ ।

ਠਹਿਰ ਜਾ ਤੂੰ ਜ਼ਰਾ ਨੀਂਦੇ,

ਨੀ ਯਾਦੇ ਤੂੰ ਤਾਂ ਆਈ ਜਾ ।

ਤੂੰ ਗਾਈ ਜਾ ।

ਤੇਰੇ ਗੀਤਾਂ ਦਾ ਜੀਵਨ ਵੀ

ਇਹਨਾਂ ਗਲੀਆਂ 'ਚ ਰੁਲਣਾ ਹੈ ।

ਦੋ ਸੂਹੇ ਹੋਠਾਂ ਨੇ ਛੁਹਕੇ

ਤੇਰੇ ਗੀਤਾਂ ਨੂੰ ਭੁੱਲਣਾ ਹੈ ।

ਤੂੰ ਦੀਪਕ ਰਾਗ ਦੀ ਲੈਅ 'ਤੇ

ਇਹ ਨਗ਼ਮੇ ਗੁਨਗੁਨਾਈ ਜਾ ।

ਤੂੰ ਗਾਈ ਜਾ ।

ਇਹ ਪੀੜਾ ਜਗਤ ਜੇਡੀ ਹੈ,

ਤੂੰ ਝੋਲੀ 'ਚੋਂ ਖਿਲਾਰੀ ਜਾ ।

ਤੂੰ ਆਪਣੇ ਹੰਝੂਆਂ ਦੇ ਨਾਲ,

ਫੁੱਲਾਂ ਨੂੰ ਸ਼ਿੰਗਾਰੀ ਜਾ ।

ਉਹਨਾਂ ਨੂੰ ਹਾਸੇ ਦੇਂਦਾ ਰਹਿ,

ਉਹਨਾਂ ਤੋਂ ਗ਼ਮ ਛੁਪਾਈ ਜਾ ।

ਤੂੰ ਗਾਈ ਜਾ ।

ਹਨੇਰਾਂ ਨਾਲ ਲਿਪਟੀ ਹੈ

ਇਹ ਕਾਲੀ ਰਾਤ ਵੀ ਰੋਵੇ;

ਤੇਰੇ ਹਿਰਦੇ 'ਚ ਚਾਨਣ ਹੈ,

ਇਹ ਚੰਨ ਹੋਵੇ ਜਾਂ ਨ ਹੋਵੇ ।

ਸਿਤਾਰੇ ਤੋੜ ਕੇ ਨੈਣੋਂ-

ਤੂੰ ਰਾਹਾਂ 'ਤੇ ਜਗਾਈ ਜਾ ।

ਤੂੰ ਗਾਈ ਜਾ ।

ਭਰੋਸਾ ਰੱਖ ਤੂੰ ਪਿਆਰਾਂ ਤੇ

ਉਹ ਸਮਝੇਗੀ ਉਹ ਜਾਣੇਗੀ ।

ਭਟਕਦਾ ਜਨਮਾਂ ਤੋਂ ਰਾਹੀ,

ਉਹ ਵੇਖੇਗੀ ਪਛਾਣੇਗੀ ।

ਉਹਦੇ ਰਾਹਾਂ ਤੋਂ ਮੁੜ ਮੁੜ ਕੇ

ਉਹਦੇ ਰਾਹਾਂ 'ਤੇ ਜਾਈ ਜਾ ।

ਤੂੰ ਗਾਈ ਜਾ ।

📝 ਸੋਧ ਲਈ ਭੇਜੋ