ਤੂੰ ਜੇ ਹਨ੍ਹੇਰੇ ’ਚੋਂ ਰਾਹ ਤਲਾਸ਼ ਕੇ
ਚਾਨਣ ’ਚ ਆ ਗਿਆ
ਇਹ ਨਾ ਸੋਚ
ਕਿ ਦੁਨੀਆਂ ਬਦਲ ਗਈ
ਇਹ ਨਾ ਸੋਚ
ਕਿ ਇਨਕਲਾਬ ਆ ਗਿਆ
ਅਜੇ ਵੀ ਹੈ ਧਰਤੀ
ਦੁੱਖਾਂ ਨਾਲ ਭਰੀ ਹੋਈ
ਅਜੇ ਵੀ
ਰੋਟੀ ਤੋਂ ਭੁੱਖੇ ਢਿੱਡ ਵਿਲਕਦੇ
ਅਜੇ ਵੀ ਹੈ
ਲੁੱਟ ਜਾਰੀ ਮਿਹਨਤ ਦੀ
ਅਜੇ ਵੀ
ਗੁਰਬਤ ਦੇ ਹੱਥੋਂ ਅਰਮਾਨ ਤਿਲ੍ਹਕਦੇ
ਅਜੇ ਵੀ
ਨੰਗੇ ਤਨਾਂ ਨੂੰ ਢਕਣ ਲਈ
ਲੀਰ ਨਹੀਂ
ਪੇਪੜੀਆਂ ਜੰਮੇ ਹੋਠਾਂ ਦੇ ਲਈ
ਨੀਰ ਨਹੀਂ
ਅਜੇ ਵੀ ਬੱਚਿਆਂ ਦੇ ਹੱਥਾਂ ’ਚ ਫੜੇ ਟੁੱਕ
ਕਾਂ ਖੋਹ ਕੇ ਲੈ ਜਾਂਦੇ
ਅਜੇ ਵੀ ਝਪਟਦੇ ਸ਼ਿਕਰੇ
ਮਾਸੂਮ ਚਿੜੀਆਂ ’ਤੇ
ਅਜੇ ਵੀ ਕੇਲ ਕਰਦੇ ਬਗਲਿਆਂ ਨੂੰ
ਬਾਜ ਪੈ ਜਾਂਦੇ
ਜਿਹੜੀ ਦੁਨੀਆਂ
ਤੂੰ ਪਿੱਛੇ ਛੱਡ ਆਇਆ
ਜੋ ਹਯਾਤੀ ਤੂੰ ਪਿੱਛੇ
ਤਜ ਆਇਆ
ਉੱਥੇ ਅਜੇ ਵੀ
ਜਹਾਲਤ ਦਾ ਡੇਰਾ ਹੈ
ਤੈਨੂੰ ਰੌਸ਼ਨੀਆਂ ਦੀ ਚਕਾਚੌਂਧ ’ਚ
ਭਾਵੇਂ ਦਿਸਦਾ ਨਹੀਂ
ਪਰ ਉੱਥੇ ਅਜੇ ਵੀ
ਸੰਘਣੀ ਕਾਲਖ਼ ਦਾ ਬਸੇਰਾ ਹੈ
ਤੂੰ ਜੇ ਹਨ੍ਹੇਰੇ ’ਚੋਂ ਰਾਹ ਤਲਾਸ਼ ਕੇ
ਚਾਨਣ ’ਚ ਆ ਗਿਆ
ਇਹ ਨਾ ਸੋਚ
ਕਿ ਦੁਨੀਆਂ ਬਦਲ ਗਈ
ਇਹ ਨਾ ਸੋਚ
ਕਿ ਇਨਕਲਾਬ ਆ ਗਿਆ।