ਤੂੰ ਕਬੀਰ ਨਾ ਬਣੀਂ

ਜਦੋਂ

ਮੇਰੇ ਦੋਸਤ

ਮੈਨੂੰ ਕਬੀਰ ਬਣਾ ਰਹੇ ਸਨ।

ਮੈਂ ਪੈਦਲਾਂ ਦੇ ਜ਼ੋਰ ਤੇ ਮਿਲਦੀ

ਊਠਾਂ ਦੀ ਸ਼ਹ-ਮਾਤ

ਬਚਾ ਰਿਹਾ ਸਾਂ

ਘੋੜੇ ਦੌੜਾ ਰਿਹਾ ਸਾਂ

ਤਦੇ

ਅੰਦਰ ਬੈਠਾ ਕਬੀਰ

ਕਹਿ ਰਿਹਾ ਸੀ

ਤੂੰ ਕਬੀਰ ਨਾ ਬਣੀਂ।

ਇਹ ਅੱਖਰਾਂ

ਗੋਟੀਆਂ ਦੀ ਖੇਡ ਛੱਡ

ਤੇ ਮੇਰੇ ਨਾਲ ਤਾਣਾ ਪੁਆ

ਖ਼ਿਆਲ ਕਰ

ਘਰ ਦਾ ਡੰਗ ਟਪਾਉਂਦੀ

ਲੋਈ ਦਾ

ਕਮਾਲੇ ਨੂੰ ਕਿਸੇ ਆਹਰੇ ਲਾ

ਧੂਣੀਆਂ ਤੇ ਫ਼ਿਰਦੈ

ਉਸਨੂੰ ਹਟਾ।

ਕਬੀਰ ਬਣੇਂਗਾ

ਤਾਂ ਲੋਕ ਆਖਣਗੇ।

ਗੰਗਾ ਘਾਟ ਮਿਲਿਆ

ਗੁਮਨਾਮ ਵਿਧਵਾ ਬਾਹਮਣੀ ਦਾ

ਬੇਵਾਰਸਾ ਹੈ

ਨੀਰੂ ਮੁਸਲਮਾਨ ਘਰ ਪਲਿਆ

ਕਬੀਰ ਜੁਲਾਹਾ ਹੈ

ਨ੍ਹੇਰੇ 'ਚ ਪਏ ਨੂੰ

ਸਾਡੇ ਗੁਰੂ ਜੀ

ਪੈਰ ਲਾਕੇ ਰੁਸ਼ਨਾਇਆ ਹੈ।

ਦਿਨੇਂ ਉਣਦਾ ਤੇ ਗਾਉਂਦੈ

ਰਾਤੀਂ ਜਾਗਦਾ ਤੇ ਰੌਂਦੈ

ਦਿਲ ਆਈਆਂ ਆਖ਼ਦਾ ਹੈ

ਮੂੰਹ ਆਈਆਂ ਮਾਰਦਾ ਹੈ

ਕਾਸ਼ੀਓਂ ਨਿਕਲ ਮਗਹਰ ਵੱਲ ਆਇਐ

ਕਿਤੋਂ ਦੀ ਮਿੱਟੀ ਕਿਤੇ ਚੁੱਕ ਲਿਆਇਐ

ਰਾਮ ਰਹੀਮ ਇਕ ਅੰਦਰ ਉਚਾਰੇ

ਢਾਈ ਅੱਖਰ ਪੜ੍ਹੇ ਨੇ ਵਿਚਾਰੇ।

ਤੂੰ ਕਬੀਰ ਨਾ ਬਣੀਂ।

ਮੈਂ ਹੌਲੀ ਜੇਹੀ ਕਿਹਾ

ਤਾਣਾ ਤਾਂ ਮੈਂ ਵੀ ਪਾਉਨਾਂ

ਚਾਦਰ ਤਾਂ ਮੈਂ ਵੀ ਉਣਨਾਂ।

ਪਰ ਜੇ

ਸਿੰਹ ਬਕਰੀ ਨੂੰ ਖਾਈ ਜਾਣ

ਮੰਦਰ ਮਸੀਤ ਲੜਾਈ ਜਾਣ

ਕਿਸੇ ਕਮਾਲੇ ਦੇ ਹਿੱਸੇ

ਚਰਖਾ-ਸੂਤਰ ਨਾ ਦਿੱਸੇ

ਲਹੂ -ਧੱਬੇ ਧੋਂਦਿਆਂ ਪੂੰਝਦਿਆਂ

ਕਾਲਖ-ਮਿੱਟੀ ਹੂੰਝਦਿਆਂ

ਹੱਥ ਕਲਖਾਏ ਜਾਣ

ਤਾਂ ਮੈਂ ਕੀ ਕਰਾਂ।

ਮੈਥੋਂ

ਚਾਦਰ ਰੱਖੀ ਨਹੀਂ ਜਾਂਦੀ

ਜਿਓਂ ਦੀ ਤਿਉਂ।

ਤੇ ਮੈਨੂੰ ਜਾਪਿਆ

ਉਹ ਵੀ ਅੰਦਰੋਂ ਸੋਚ ਰਿਹਾ ਸੀ

ਕਬੀਰ ਨੂੰ ਕਿਸ ਕਿਹਾ ਸੀ

ਕਬੀਰ ਬਣ !

ਕਬੀਰ ਬਣ !!

📝 ਸੋਧ ਲਈ ਭੇਜੋ