ਤੂੰ ਖੁਸ਼ ਰਿਹਾ ਕਰ ਐਵੇਂ

ਤੂੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ

ਅਪਣੇ ਹੀ ਕੰਢੇ ਖੋਰ ਕੇ ਇਉਂ ਗੰਧਲਿਆ ਨ ਕਰ

ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿਚ

ਗੁੱਸੇ 'ਚ ਆ ਕੇ ਬੋਲ ਕੌੜੇ ਬੋਲਿਆ ਨ ਕਰ

ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ

ਸਮਝਾ ਦਿਆ ਕਰ ਪਿਆਰ ਨਾਲ ਤੂੰ ਝਿੜਕਿਆ ਨ ਕਰ

ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੁਹਣਿਆਂ

ਰਾਤਾਂ ਦਿਨਾਂ ਦੇ ਗੇੜ ਨੂੰ ਤੂੰ ਰੋਕਿਆ ਨ ਕਰ

ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ

ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ

ਬੱਸ ਅਪਣੀ ਤਹਿ ਹੇਠਾਂ ਪਏ ਪੱਥਰ ਹੀ ਤਕ ਸਕੇਂ

ਸੂਰਜ ਨ ਚੰਨ ਤਾਰੇ ਦਿਸਣ ਇਉਂ ਗੰਧਲਿਆ ਨ ਕਰ

ਜੇ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ

ਅਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨ ਕਰ

📝 ਸੋਧ ਲਈ ਭੇਜੋ