ਤੂੰ ਕਿਉਂ ਕਰਦਾ ਹੈਂ ਮੇਰ ਤੇਰ

ਤੂੰ ਕਿਉਂ ਕਰਦਾ ਹੈਂ ਮੇਰ ਤੇਰ 

ਤੂੰ ਕਿਉਂ ਕਰਦਾ ਹੈਂ ਤੇਰ ਮੇਰ

ਤੂੰ ਦੇਖ ਨ ਮੈਨੂੰ ਘੂਰ ਘੂਰ 

ਕਿਉਂ ਦਿਲ ਨੂੰ ਕਰਦੈਂ ਚੂਰ ਚੂਰ 

ਤੂੰ ਰਹਿ ਨ ਮੈਥੋਂ ਦੂਰ ਦੂਰ 

ਆਖੀ ਨਾ ਜਾ ਹੁਣ ਫੇਰ ਫੇਰ 

ਤੂੰ ਕਿਉਂ ਕਰਦਾ ਹੈਂ ਮੇਰ ਤੇਰ ।

ਮੈਂ ਥਕਿਆ ਤੈਨੂੰ ਟੋਲ ਟੋਲ 

ਛਡ ਦੂਰੀ ਆ ਜਾ ਕੋਲ ਕੋਲ 

ਘੁੰਡੀ ਹੁਣ ਦਿਲ ਦੀ ਖੋਲ ਖੋਲ 

ਹੁਣ ਸਜਣਾ ਨਾ ਕਰ ਦੇਰ ਦੇਰ 

ਤੂੰ ਕਿਉਂ ਕਰਦਾ ਹੈਂ ਮੇਰ ਤੇਰ ।

ਫੁਲ ਸੁਹੰਦਾ ਅਪਣੀ ਡਾਲ ਨਾਲ 

ਆ ਲਗ ਜਾ ਅਪਣੀ ਢਾਲ ਨਾਲ 

ਆ ਜਾ ਹੁਣ ਰਹੀਏ ਨਾਲ ਨਾਲ 

ਨਾ ਵੇਖ ਤੂੰ ਅੱਖਾਂ ਟੇਰ ਟੇਰ 

ਤੂੰ ਕਿਉਂ ਕਰਦਾ ਹੈਂ ਮੇਰ ਤੇਰ ।

ਤੇਰੇ ਦਿਲ ਵਿਚ ਬੈਠਾ ਘੇਰ ਘੇਰ 

ਜਿਸ ਦੇ ਹਥ ਤੇਰੀ ਡੋਰ ਡੋਰ 

ਤੂੰ ਸਾਨੂੰ ਸਮਝੇਂ ਹੋਰ ਹੋਰ । 

ਮਾਰੇ ‘ਹਮਦਰਦਾ’ ਗੇਰ ਗੇਰ 

ਤੂੰ ਕਿਉਂ ਕਰਦਾ ਹੈਂ ਮੇਰ ਤੇਰ

📝 ਸੋਧ ਲਈ ਭੇਜੋ