ਤੂੰ ਲਹਿਰ ਹੋ ਕੇ ਮਿਲ ਲੈ

ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ

ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ

ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ

ਕਰ ਕੇ ਵੀ ਕਰ ਸਕਿਆ ਮੈਂ ਪਾਰ ਇਸ ਨਦੀ ਨੂੰ

ਹਰ ਵਾਰ ਸੱਜਰਾ ਪਾਣੀ ਹਰ ਵਾਰ ਸੁੱਚੀਆਂ ਲਹਿਰਾਂ

ਮੈਂ ਪਹਿਲੀ ਵਾਰ ਮਿਲਦਾਂ ਹਰ ਵਾਰ ਇਸ ਨਦੀ ਨੂੰ

ਖੁਰਦੇ ਨੇ ਖੁਦ ਕਿਨਾਰੇ ਪਰ ਸੋਚਦੇ ਵਿਚਾਰੇ

ਅਸੀਂ ਬੰਨ੍ਹ ਕੇ ਰੱਖਣਾ ਹੈ ਵਿਚਕਾਰ ਇਸ ਨਦੀ ਨੂੰ

ਇਹ ਪਰਬਤਾਂ ਦੀ ਜਾਈ ਕੀ ਜਾਣਦੀ ਚੋਟਾਂ

ਐਵੇਂ ਨਾ ਚੁੱਕ ਕੇ ਪੱਥਰ ਤੂੰ ਮਾਰ ਇਸ ਨਦੀ ਨੂੰ

ਵੁਹ ਦੇਸ਼ ਹੈ ਬੇਗਾਨਾ ਉਸ ਮੇਂ ਕਭੀ ਨਾ ਜਾਨਾ

ਸਮਝਾ ਰਹੀ ਹੈ ਹੱਦਾਂ ਸਰਕਾਰ ਇਸ ਨਦੀ ਨੂੰ

ਕਿਸੇ ਹੋਰ ਨਾਮ ਹੇਠਾਂ ਕਿਸੇ ਹੋਰ ਰੂਪ ਅੰਦਰ

ਪਹਿਲਾਂ ਵੀ ਹਾਂ ਮੈਂ ਮਿਲਿਆ ਇਕ ਵਾਰ ਇਸ ਨਦੀ ਨੂੰ

📝 ਸੋਧ ਲਈ ਭੇਜੋ