ਤੂੰ ਮੈਨੂੰ ਕਦੇ ਨਾ ਮਿਲ਼ੀਂ

ਤੂੰ ਮੈਨੂੰ ਕਦੇ ਨਾ ਮਿਲ਼ੀਂ

ਮਿੱਟੀ ਦਾ ਮਿੱਟੀ ਨੂੰ ਕੀ ਮਿਲ਼ਣਾ

ਮਿੱਟੀ ਨੇ ਮਿੱਟੀ ਨੂੰ ਮਿਲ਼ਕੇ

ਮਿੱਟੀ ਹੀ ਬਣਨਾ ਹੁੰਦੈ

ਮੈਂ ਨਹੀਂ ਚਾਹੁੰਦਾ ਮੇਰਾ ਤੇਰੇ ਨਾਲ਼ ਰਿਸ਼ਤਾ

ਮਿੱਟੀ ਬਣਕੇ

ਮਿੱਟੀ ਵਿੱਚ ਮਿਲ਼ ਜਾਵੇ

ਤੂੰ ਮੈਨੂੰ ਕਦੇ ਨਾ ਮਿਲ਼ੀਂ

ਤੂੰ ਮੈਥੋਂ ਦੂਰ ਹੀ ਰਹੀਂ

ਸਾਰੇ ਚੰਨ ਸਿਤਾਰੇ ,ਕਹਿਕਸ਼ਾਂ

ਦੂਰੋਂ ਹੀ ਰੰਗੀਨ ਹੁਸੀਨ ਲਗਦੇ ਨੇ

ਚੰਦ ਤੋਂ ਪਰਤੇ ਗਗਨ ਯਾਤਰੀਆਂ ਨੇ ਦੱਸਿਆ

ਕਿ ਕਵੀਆਂ ਤੇ ਆਸ਼ਕਾਂ ਦਾ ਕਿਆਸਿਆ ਚੰਨ

ਧਰਤੀ ਤੋਂ ਹੀ ਸੋਹਣਾ ਲਗਦਾ

ਨੇੜਿਓਂ ਉਹ ਵੀ ਨਿਰੀ ਮਿੱਟੀ ਹੀ ਹੁੰਦਾ ਹੈ

ਅਕਾਸ਼ ਗੰਗਾ ਵੀ ਧਰਤ ਤੋਂ ਹੀ ਝਿਲਮਿਲਾਉਂਦੀ ਦਿਸਦੀ ਹੈ

ਮੈਂ ਦੂਰੀ ਤੋਂ ਤੇਰੇ ਸਭ ਰੰਗਾਂ ਨੂੰ

ਵੇਖਣਾ ਮਾਣਨਾ  ਚਾਹੁੰਦਾ ਵਾਂ

ਜਿਵੇਂ ਬਾਰਿਸ਼ ਤੋਂ ਬਾਅਦ ਅਕਾਸ਼ ‘ਚ ਪਈ

ਸਤਰੰਗੀ ਪੀਂਘ ਵੇਖਕੇ ਬੱਚਿਆਂ ਦੀ

ਰੂਹ ਹੁਲਾਰੇ ਲੈਣ ਲੱਗਦੀ ਹੈ

ਜਿਵੇਂ ਧਰਤੀ ਤੇ ਗਗਨ ਮਗਨ ਨੇ

ਇੱਕ ਦੂਜੇ ਨੂੰ ਵੇਖਣ ਵਿੱਚ ਅਜ਼ਲਾਂ ਤੋਂ

ਜਿਵੇਂ ਚਕੋਰ ਟਿਕਟਿਕੀ ਲਾਈ ਵੇਖਦਾ ਹੈ ਚੰਨ ਨੂੰ

ਜਿਵੇਂ ਚੰਨ - ਪੁੰਨਿਆ ਚੁੰਮਿਆ ਹੈ ਸਦਾ ਸਮੁੰਦਰਾਂ ਨੂੰ

ਪਰ ਇਹ ਸਭ ਕਿਹੜਾ ਮਿਲ਼ਦੇ ਨੇ ਕਦੇ

ਮੈਂ ਵੀ ਤੇਰਾ ਸਾਥ ਚਾਹੂੰਨਾ ਦੂਰ ਤੋਂ ਹੀ

ਜਿਵੇਂ

ਸੂਰਜ ਧਰਤੀ ਚੰਨ ਤੇ ਤਾਰੇ

ਗਰੂਤਾ ਦੇ ਬੰਧਨ ਵਿੱਚ ਬੇਸ਼ੱਕ

ਘੁੰਮਦੇ ਇਸੇ ਖਿੱਚ ਸਹਾਰੇ

ਐਪਰ ਕਦੇ ਵੀ ਨਾ ਇਹ ਮਿਲ਼ਦੇ ਸਾਰੇ

ਇੰਜ ਹੀ ਮੈਂ ਵੀ ਦੂਰ ਤੋਂ ਹੀ ਤੇਰੇ ਵਿੱਚੋਂ

ਝਿਲਮਿਲ ਝਿਲਮਿਲ ਕਰਦੇ ਚੰਨ ਸਿਤਾਰੇ

ਅਸੰਖ ਕਹਿਕਸ਼ਾਂ ,ਖਿੱਤੀਆਂ,ਗ੍ਰਹਿ ਨਕਸ਼ਤਰ ਸਾਰੇ

ਵੇਖਣਾ ਨਿਹਾਰਨਾ ਮਾਣਨਾ ਚਾਹੁੰਦਾ ਹਾਂ

ਮੈਂ ਤੇਰੇ ਵਿੱਚੋਂ ਕੁੱਲ ਕਾਇਨਾਤ

ਅਖੰਡ ਬ੍ਰਹਿਮੰਡ ਦੇ ਦੀਦਾਰ ਕਰਨੇ ਚਾਹੁੰਨਾ

ਕਿਸੇ ਗਿਆਨੀ ਜਾਂ ਵਿਗਿਆਨੀ ਵਾਂਗ

ਤੇਰੀ ਪੈਮਾਇਸ਼ ਪਰਖਣਾਂ ਨਹੀ ਕਰਨੀ ਚਾਹੁੰਦਾ

ਮਿਲ਼ਣਾ ਅਸਲ ‘ਚ ਮਿਲ਼ਣਾ ਨਹੀਂ

ਵਿਛੜਨਾ ਹੁੰਦਾ ਹੈ

ਮਿਲ਼ਣਾ ਇੱਕ ਭਰਮ ਹੀ ਹੁੰਦਾ ਹੈ

ਦੂਰ ਦੇਮੇਲਾਂ ਤੇ ਮਿਲ਼ਦੇ ਧਰਤੀ ਤੇ ਅਕਾਸ਼

ਮਿਲ਼ਨ ਦਾ ਭਰਮ ਸਿਰਜਦੇ ਨੇ

ਅਸਲ ਵਿੱਚ ਕਦੇ ਨਹੀਂ ਮਿਲ਼ਦੇ

ਤੂੰ ਵੀ ਮੈਨੂੰ ਕਦੇ ਨਾ ਮਿਲ਼ੀਂ

ਤੂੰ ਮੈਨੂੰ ਕਦੇ ਵੀ ਨਾ ਮਿਲ਼ੀਂ

ਕਿਉਂਕੀ

ਕਲਬੂਤਾਂ ਦਾ ਵਸਲ

ਅਸਲ ਨਹੀਂ ਹੁੰਦਾ

ਇਸ ਲਈ

ਤੂੰ ਮੈਨੂੰ ਕਦੇ ਨਾ ਮਿਲ਼ੀਂ

📝 ਸੋਧ ਲਈ ਭੇਜੋ