ਤੂੰ ਮੇਰੀ ਤਸਵੀਰ ਸਜਾ ਲੈ

ਤੂੰ ਮੇਰੀ ਤਸਵੀਰ ਸਜਾ ਲੈ ਅਪਣੇ ਦਿਲ ਦੀ ਬੈਠਕ ਅੰਦਰ । 

ਮੇਰੇ ਨਾਂ ਦਾ ਦੀਪ ਜਗਾ ਲੈ ਅਪਣੇ ਦਿਲ ਦੀ ਬੈਠਕ ਅੰਦਰ।

ਜੇ ਤੂੰ ਚਾਹਵੇਂ ਮੈਂ ਇਸ ਅੰਦਰ ਸਾਰੀ ਉਮਰ ਬਿਤਾ ਸਕਦਾ ਹਾਂ, 

ਪੱਕੇ ਕਾਗ਼ਜ਼ ’ਤੇ ਲਿਖਵਾ ਲੈ ਅਪਣੇ ਦਿਲ ਦੀ ਬੈਠਕ ਅੰਦਰ

ਛੱਤ ਜਿਦ੍ਹੀ ਅੰਬਰ ਨੂੰ ਛੋਵੇ ਦੀਵਾਰਾਂ ਵਿਚ ਜੱਗ ਸਮੋਵੇ, 

ਏਦਾਂ ਦੀ ਇਕ ਬੈਠਕ ਪਾ ਲੈ ਅਪਣੇ ਦਿਲ ਦੀ ਬੈਠਕ ਅੰਦਰ

ਮੇਰੇ ਦਿਲ ਦੇ ਸਾਗਰ ਵਿੱਚੋਂ ਇਹ ਜੋ ਕਾਲ-ਕਲੂਟੇ ਉੱਠੇ,

ਇਹਨਾਂ ਬੱਦਲਾਂ ਨੂੰ ਬਰਸਾ ਲੈ ਅਪਣੇ ਦਿਲ ਦੀ ਬੈਠਕ ਅੰਦਰ।

ਇਹ ਤੇਰੇ ਤੇ ਨਿਰਭਰ ਕਰਦਾ, ਇਹ ਤੇਰੇ `ਤੇ ਨਿਰਭਰ ਕਰਦਾ,

ਮੰਦਰ ਜਾਂ ਮੈਖ਼ਾਨਾ ਪਾ ਲੈ ਅਪਣੇ ਦਿਲ ਦੀ ਬੈਠਕ ਅੰਦਰ

ਹਲਕੀ-ਹਲਕੀ ਸ਼ਾਮ ਢਲੀ ਹੈ ਮਹਿਕੀ-ਮਹਿਕੀ ਪੌਣ ਵਗੀ ਹੈ, 

ਉਸਦੇ ਨਾਂ ਦਾ ਜਾਮ ਉਠਾ ਲੈ ਅਪਣੇ ਦਿਲ ਦੀ ਬੈਠਕ ਅੰਦਰ

ਇਹਨਾਂ ਦੀ ਭਟਕਣ ਨੂੰ ਸ਼ਾਇਦ ਏਥੇ ਹੀ ਮੰਜ਼ਿਲ ਮਿਲ ਜਾਵੇ, 

ਖੁਸ਼ਬੂਆਂ ਨੂੰ ਸੀਨੇ ਲਾ ਲੈ ਅਪਣੇ ਦਿਲ ਦੀ ਬੈਠਕ ਅੰਦਰ

ਹਾਲੇ ਤਾਂ ਮੈਂ ਆਇਆ ਹੀ ਹਾਂ ਤੂੰ ਜਾਣੇ ਨੂੰ ਕਹਿ ਦਿਤਾ ਹੈ, 

ਥੋੜ੍ਹਾ ਜਿੰਨਾ ਤਾਂ ਅਟਕਾ ਲੈ ਅਪਣੇ ਦਿਲ ਦੀ ਬੈਠਕ ਅੰਦਰ।

ਹਾਦਸਿਆਂ ਦੇ ਕੈੱਕਟਸ ਕੋਲੋਂ ਜੇ ਤੂੰ ਰਾਹਤ ਪਾਉਣੀ ਚਾਹੁੰਦੈਂ,

ਗ਼ਮਲੇ ਵਿਚ ਗੁਲਦਾਉਦੀ ਲਾ ਲੈ ਅਪਣੇ ਦਿਲ ਦੀ ਬੈਠਕ ਅੰਦਰ,

ਮੈਨੂੰ ਇਸ ਦੇ ਰੋਜ਼ ਉਲਾਂਭੇ ਮਿਲਦੇ ਨੇ 'ਇਕਵਿੰਦਰ' ਅੱਜ ਕੱਲ੍ਹ,

ਅਪਣੇ ਸਾਏ ਨੂੰ ਸਮਝਾ ਲੈ ਅਪਣੇ ਦਿਲ ਦੀ ਬੈਠਕ ਅੰਦਰ।

📝 ਸੋਧ ਲਈ ਭੇਜੋ